ਸ਼ਹੀਦ ਪ੍ਰਵਾਰਾਂ ਵਲੋਂ ਇਨਸਾਫ਼ ਮਿਲਣ ਤਕ ਮੋਰਚਾ ਜਾਰੀ ਰੱਖਣ ਦਾ ਐਲਾਨ
ਕੋਟਕਪੂਰਾ, 18 ਦਸੰਬਰ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਸ਼ਾਂਤਮਈ ਧਰਨੇ ’ਤੇ ਬੈਠੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੇ ਪ੍ਰਵਾਰਾਂ ਵਲੋਂ ਲੱਗੇ ਇਨਸਾਫ਼ ਮੋਰਚੇ ਦੇ ਤੀਜੇ ਦਿਨ ਸਿਮਰਨਜੀਤ ਸਿੰਘ ਮਾਨ ਅਤੇ ਬਲਜੀਤ ਸਿੰਘ ਦਾਦੂਵਾਲ ਵਰਗੀਆਂ ਉੱਚੀ ਸੁਰ ਰੱਖਣ ਵਾਲੀਆਂ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ। ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ‘ਸੁਖਰਾਜ ਸਿੰਘ ਨਿਆਮੀਵਾਲਾ’ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਦਸਿਆ ਕਿ 14 ਅਕਤੂਬਰ 2015 ਨੂੰ ਜਿਸ ਥਾਂ ਪੁਲਿਸ ਦੀ ਗੋਲੀ ਨਾਲ ਉਹ ਸ਼ਹੀਦ ਹੋਏ ਸਨ, ਹੁਣ ਸੰਘਰਸ਼ ਅਤੇ ਮੋਰਚੇ ਲਈ ਉਸੇ ਘਟਨਾ ਸਥਾਨ ਦੀ ਚੋਣ ਕੀਤੀ ਗਈ ਹੈ।
ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ਵਖਰਾ ਰਾਜ ਮਿਲਣ ਤਕ ਧੱਕੇਸ਼ਾਹੀ ਅਤੇ ਬੇਗਾਨਗੀ ਵਾਲਾ ਸਿਲਸਿਲਾ ਜਾਰੀ ਰਹੇਗਾ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਦੋਸ਼ੀ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਉਨ੍ਹਾਂ ਵਿਰੁਧ ਕਾਰਵਾਈ ਨਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉੱਥੇ ਪੁੱਜੇ ਬਲਰਾਜ ਸਿੰਘ ਰੋੜਾਂਵਾਲਾ ਐਡਵੋਕੇਟ ਹਰਪਾਲ ਸਿੰਘ ਖਾਰਾ, ਇਮਾਨ ਸਿੰਘ ਖਾਰਾ, ਜਸਵਿੰਦਰ ਸਿੰਘ ਸਾਹੋਕੇ, ਗੁਰਸੇਵਕ ਸਿੰਘ ਭਾਣਾ, ਬਾਬਾ ਹਰਦੀਪ ਸਿੰਘ ਮਹਿਰਾਜ, ਬਾਬਾ ਪਾਲਾ ਸਿੰਘ, ਕਪੂਰ ਸਿੰਘ ਹਮੀਰਗੜ੍ਹ, ਗੁਰਪ੍ਰੀਤ ਸਿੰਘ ਹਰੀਨੌ ਆਦਿ ਨੇ ਆਖਿਆ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਅਜਿਹੀ ਧੱਕੇਸ਼ਾਹੀ ਵਿਰੁਧ ਆਵਾਜ਼ ਚੁਕਣੀ ਚਾਹੀਦੀ ਹੈ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਹੈਰਾਨੀ ਪ੍ਰਗਟਾਈ ਕਿ ਘੱਟ ਗਿਣਤੀਆਂ ਨੂੰ ਅੱਖਾਂ ਸਾਹਮਣੇ ਦਿਸਦਾ ਇਨਸਾਫ਼ ਲੈਣ ਲਈ ਵੀ ਰੋਸ ਪ੍ਰਦਰਸ਼ਨ, ਧਰਨੇ ਅਤੇ ਮੋਰਚੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸ਼ਹੀਦ ਪ੍ਰਵਾਰਾਂ ਨੇ ਦੁਹਰਾਇਆ ਕਿ ਇਨਸਾਫ਼ ਮਿਲਣ ਤਕ ਮੋਰਚਾ ਜਾਰੀ ਰਹੇਗਾ।