
ਗੋਧਰਾ ਦੇ ਸਿੱਖ ਕਤਲੇਆਮ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਨਾਨਾਵਤੀ ਦਾ ਦਿਹਾਂਤ
ਨਵੀਂ ਦਿੱਲੀ, 18 ਦਸੰਬਰ : 1984 ਸਿੱਖ ਵਿਰੋਧੀ ਦੰਗਿਆਂ ਤੇ ਗੋਧਰਾ ਦੰਗਿਆਂ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਗਿਰੀਸ ਠਾਕੋਰਲਾਲ ਨਾਨਾਵਤੀ ਨੇ ਸਨਿਚਰਵਾਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿਤਾ। ਉਨ੍ਹਾਂ ਨੇ 86 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ। ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਗੁਜਰਾਤ ’ਚ ਸਨਿਚਰਵਾਰ ਦੁਪਹਿਰ 1.15 ਵਜੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।
ਜੱਜ ਦਾ ਜਨਮ 17 ਫ਼ਰਵਰੀ, 1935 ਨੂੰ ਹੋਇਆ ਸੀ ਅਤੇ ਉਹ 11 ਫ਼ਰਵਰੀ, 1958 ਨੂੰ ਬੰਬੇ ਹਾਈ ਕੋਰਟ ਵਿਚ 23 ਸਾਲ ਦੀ ਉਮਰ ਵਿਚ ਵਕੀਲ ਵਜੋਂ ਨਿਯੁਕਤ ਹੋਏ। ਉਨ੍ਹਾਂ ਨੂੰ 19 ਜੁਲਾਈ, 1979 ਤੋਂ ਗੁਜਰਾਤ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ 14 ਦਸੰਬਰ, 1993 ਨੂੰ ਉੜੀਸਾ ਹਾਈ ਕੋਰਟ ਵਿਚ ਟਰਾਂਸਫਰ ਕਰ ਦਿਤਾ ਗਿਆ ਸੀ।
ਨਾਨਾਵਤੀ ਨੂੰ 31 ਜਨਵਰੀ 1994 ਤੋਂ ਉੜੀਸਾ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ 28 ਸਤੰਬਰ, 1994 ਤੋਂ ਕਰਨਾਟਕ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਟਰਾਂਸਫਰ ਕਰ ਦਿਤਾ ਗਿਆ। ਨਾਨਾਵਤੀ ਨੂੰ 6 ਮਾਰਚ, 1995 ਤੋਂ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਅਤੇ 16 ਫ਼ਰਵਰੀ, 2000 ਨੂੰ ਉਹ ਸੇਵਾਮੁਕਤ ਹੋ ਗਏ।
ਨਾਨਾਵਤੀ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਐਨਡੀਏ ਸਰਕਾਰ ਨੇ ਨਿਯੁਕਤ ਕੀਤਾ ਸੀ। ਉਹ ਨਾਨਾਵਤੀ ਕਮਿਸ਼ਨ ਦੇ ਇਕਲੌਤੇ ਮੈਂਬਰ ਸਨ। ਜਸਟਿਸ ਨਾਨਾਵਤੀ ਅਤੇ ਅਕਸ਼ੇ ਮਹਿਤਾ ਨੇ 2014 ਵਿਚ 2002 ਦੇ ਦੰਗਿਆਂ ਬਾਰੇ ਅਪਣੀ ਅੰਤਿਮ ਰਿਪੋਰਟ ਗੁਜਰਾਤ ਦੀ ਤਤਕਾਲੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੂੰ ਸੌਂਪੀ ਸੀ। ਹਿੰਸਾ ਵਿਚ 1,000 ਤੋਂ ਵੱਧ ਲੋਕ ਮਾਰੇ ਗਏ ਸਨ, ਇਸ ਵਿਚ ਵਧੇਰੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਸ਼ਾਮਲ ਸਨ।
ਗੋਧਰਾ ਰੇਲਵੇ ਸਟੇਸ਼ਨ ਨੇੜੇ ਸਾਬਰਮਤੀ ਐਕਸਪ੍ਰੈਸ ਰੇਲਗੱਡੀ ਦੇ ਦੋ ਡਬਿਆਂ ਨੂੰ ਸਾੜਨ ਤੋਂ ਬਾਅਦ ਹੋਏ ਦੰਗਿਆਂ ਦੀ ਜਾਂਚ ਲਈ 2002 ਵਿਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਵਲੋਂ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ ਸੀ, ਜਿਸ ਵਿਚ 59 ‘ਕਾਰਸੇਵਕਾਂ’ ਦੀ ਮੌਤ ਹੋ ਗਈ ਸੀ। (ਏਜੰਸੀ)