
ਅਮੇਠੀ ਰੈਲੀ ’ਚ ਬੋਲੇ ਰਾਹੁਲ, ‘ਸੱਚ ਲਈ ਲੜਨ ਵਾਲੇ ਹਿੰਦੂ, ਨਫ਼ਰਤ ਫੈਲਾਉਣ ਵਾਲੇ ਹਿੰਦੂਤਵਵਾਦੀ’
ਅਮੇਠੀ, 18 ਦਸੰਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਸਨਿਚਰਵਾਰ ਨੂੰ ਪੈਦਲ ਯਾਤਰਾ ਦੌਰਾਨ ਅਮੇਠੀ ਪਹੁੰਚੇ ਸਨ। ਇਸ ਦੌਰਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਹਿੰਦੂ ਅਤੇ ਹਿੰਦੂਤਵ ਦਾ ਮੁੱਦਾ ਚੁੱਕਿਆ। ਰਾਹੁਲ ਗਾਂਧੀ ਨੇ ਕਿਹਾ ਕਿ ਗਾਂਧੀ ਜੀ ਨੇ ਕਿਹਾ ਸੀ ਕਿ ਹਿੰਦੂ ਦਾ ਰਸਤਾ ਸਤਿਆਗ੍ਰਹਿ ਹੈ, ਜਦਕਿ ਹਿੰਦੂਤਵਵਾਦੀ ਦਾ ਰਸਤਾ ਅਸਤਿਆਗ੍ਰਹਿ ਹੈ। ਜੋ ਅਨਿਆਂ ਵਿਰੁਧ ਲੜਦਾ ਹੈ ਉਹ ਹਿੰਦੂ ਹੈ ਅਤੇ ਹਿੰਸਾ ਫ਼ੈਲਾਉਣ ਵਾਲਾ ਹਿੰਦੂਤਵਵਾਦੀ ਹੈ। ਅਮੇਠੀ ਵਿਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਇਕ ਪਾਸੇ ਹਿੰਦੂ ਹਨ, ਜੋ ਸੱਚ ਦੀ ਗੱਲ ਕਰਦੇ ਹਨ। ਦੂਜੇ ਪਾਸੇ ਹਿੰਦੂਤਵਵਾਦੀ ਹਨ, ਜੋ ਨਫ਼ਰਤ ਫ਼ੈਲਾਉਂਦੇ ਹਨ ਅਤੇ ਸੱਤਾ ਖੋਹਣ ਲਈ ਕੁੱਝ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਅੱਜ ਹਿੰਦੂ ਬਨਾਮ ਹਿੰਦੂਤਵਵਾਦੀ ਦੀ ਲੜਾਈ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਹਿੱਤ ’ਚ ਖੇਤੀਬਾੜੀ ਕਾਨੂੰਨ ਲਿਆਂਦਾ ਸੀ, ਪਰ ਇਕ ਸਾਲ ਬਾਅਦ ਪ੍ਰਧਾਨ ਮੰਤਰੀ ਨੇ ਇਸ ਲਈ ਮੁਆਫ਼ੀ ਮੰਗ ਲਈ। ਸਰਕਾਰ ਜੋ ਵੀ ਕਾਨੂੰਨ ਲੈ ਕੇ ਆਈ, ਚਾਹੇ ਨੋਟਬੰਦੀ, ਜੀਐਸਟੀ ਹੋਵੇ ਜਾਂ ਕਿਸਾਨ ਕਾਨੂੰਨ ਹੋਵੇ, ਉਸ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੋਇਆ। ਅਸੀਂ ਪੁੱਛਦੇ ਹਾਂ ਕਿ ਕੀ ਇਹ ਸਰਮਾਏਦਾਰਾਂ ਲਈ ਲਿਆਂਦੇ ਗਏ ਸੀ?
ਰੈਲੀ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਲੱਦਾਖ਼ ਵਿਚ ਚੀਨੀ ਫ਼ੌਜ ਨੇ ਭਾਰਤ ਤੋਂ ਦਿੱਲੀ ਜਿੰਨੀ ਜ਼ਮੀਨ ਖੋਹ ਲਈ ਹੈ। ਪਰ ਪੀਐਮ ਮੋਦੀ ਨੇ ਨਾ ਤਾਂ ਕੁੱਝ ਕੀਤਾ ਅਤੇ ਨਾ ਹੀ ਕੁੱਝ ਕਿਹਾ। ਇਸ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜ਼ਮੀਨ ਕਿਸੇ ਨੇ ਨਹੀਂ ਲਈ, ਪਰ ਰਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਜ਼ਮੀਨ ਚੀਨ ਨੇ ਲਈ ਹੈ। ਅਮੇਠੀ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ’ਚ ਬੇਰੁਜ਼ਗਾਰੀ ਅਤੇ ਮਹਿੰਗਾਈ ਦੋ ਵੱਡੇ ਮੁੱਦੇ ਹਨ। ਪਰ ਸਰਕਾਰ ਇਨ੍ਹਾਂ ਦੋਵਾਂ ਸਵਾਲਾਂ ਦੇ ਜਵਾਬ ਕਦੇ ਨਹੀਂ ਦਿੰਦੀ। ਕੁੱਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਇਕੱਲੇ ਹੀ ਗੰਗਾ ਵਿਚ ਇਸਨਾਨ ਕਰ ਰਹੇ ਸਨ। ਪਰ ਪ੍ਰਧਾਨ ਮੰਤਰੀ ਇਹ ਨਹੀਂ ਕਹਿ ਸਕਦੇ ਕਿ ਦੇਸ਼ ਵਿਚ ਰੁਜ਼ਗਾਰ ਕਿਉਂ ਨਹੀਂ ਪੈਦਾ ਹੋ ਰਿਹਾ। ਨੌਜਵਾਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਮਿਲ ਰਿਹਾ। ਮਹਿੰਗਾਈ ਇੰਨੀ ਤੇਜ਼ੀ ਨਾਲ ਕਿਉਂ ਵੱਧ ਰਹੀ ਹੈ? (ਏਜੰਸੀ)