
ਭਦੌੜ ਪੁਲਿਸ ਨੇ ਹਸਪਤਾਲ ਨੂੰ ਘੇਰਾ ਪਾ ਕੇ ਸਾਰਿਆਂ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ ਹੈ ਤੇ ਵੱਡੀ ਹੋਣੀ ਟਲ ਗਈ ਹੈ।
Punjab News: ਭਦੌੜ ਪੁਲਿਸ ਨੇ ਚੁਸਤੀ ਫੁਰਤੀ ਵਰਤਦਿਆਂ ਸਿਵਲ ਹਸਪਤਾਲ ਭਦੌੜ ਪਹੁੰਚ ਕੇ 11 ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ, ਡਾਂਗਾਂ ਸੋਟਿਆਂ ਸਮੇਤ ਕਾਬੂ ਕੀਤਾ। ਕਾਬੂ ਆਏ ਸਾਰੇ ਨੌਜਵਾਨਾਂ ਦੀ 19 ਤੋਂ 24 ਸਾਲ ਦੀ ਉਮਰ ਹੈ ਤੇ ਸਾਰੇ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਦੇ ਵਾਸੀ ਹਨ| ਐਸਐੱਚਓ ਭਦੌੜ ਜਗਦੇਵ ਸਿੰਘ ਨੇ ਦੱਸਿਆ ਕਿ ਦੌਧਰ ਦੇ ਇੱਕ ਨੌਜਵਾਨ ਦੀ ਕਿਸੇ ਕੁੜੀ ਨਾਲ ਗੱਲਬਾਤ ਸੀ ਤੇ ਉਹ ਕੁੜੀ ਦੇ ਮਗਰ ਭਦੌੜ ਆਇਆ ਤਾਂ ਕੁੜੀ ਦੇ ਚਾਚੇ-ਤਾਏ ਦੇ ਮੁੰਡਿਆਂ ਨੇ ਉਸ ਦਾ ਕੁਟਾਪਾ ਚਾੜਿਆ ਤੇ ਉਸ ਨੂੰ ਜਖ਼ਮੀ ਹਾਲਤ 'ਚ ਛੱਡ ਕੇ ਫਰਾਰ ਹੋ ਗਏ, ਜਿਸ ਨੂੰ ਪੁਲਿਸ ਨੇ ਭਦੌੜ ਹਸਪਤਾਲ ਦਾਖ਼ਲ ਕਰਵਾਇਆ ਸੀ ਤੇ ਉਹ ਜੇਰੇ ਇਲਾਜ ਹੈ।
ਉਸ ਨੌਜਵਾਨ ਨੇ ਆਪਣੇ ਪਿੰਡ ਤੋਂ ਦਰਜਨ ਭਰ ਦੇ ਕਰੀਬ ਨੌਜਵਾਨ ਸੱਦ ਲਏ ਤੇ ਜੋ ਡਾਂਗਾ, ਤਲਵਾਰਾਂ, ਖੂੰਡਿਆਂ ਆਦਿ ਮਾਰੂ ਤਿੱਖੇ ਤੇਜ਼ਧਾਰ ਹਥਿਆਰਾਂ ਨਾਲ ਭਦੌੜ ਆਏ ਤੇ ਜਖ਼ਮੀ ਦੋਸਤ ਤੋਂ ਕੁੱਟਮਾਰ ਕਰਨ ਵਾਲਿਆਂ ਦਾ ਪਤਾ ਪੁੱਛਣ ਲੱਗੇ ਤਾਂ ਜੋ ਉਹਨਾਂ 'ਤੇ ਹਮਲਾ ਕੀਤਾ ਜਾ ਸਕੇ। ਮੌਕੇ 'ਤੇ ਕਿਸੇ ਨੇ ਭਦੌੜ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਭਦੌੜ ਪੁਲਿਸ ਨੇ ਹਸਪਤਾਲ ਨੂੰ ਘੇਰਾ ਪਾ ਕੇ ਸਾਰਿਆਂ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ ਹੈ ਤੇ ਵੱਡੀ ਹੋਣੀ ਟਲ ਗਈ ਹੈ।
(For more news apart from Punjab News, stay tuned to Rozana Spokesman)