
Punjab Weather Update: ਧੁੰਦ ਦਾ ਅਸਰ ਹੁਣ ਪੰਜਾਬ ਅਤੇ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲੇਗਾ
Punjab Weather Update Yellow Alert for dense fog Latest news in punjabi: ਪੰਜਾਬ-ਚੰਡੀਗੜ੍ਹ 'ਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਤਾਪਮਾਨ ਵਿਚ ਲਗਾਤਾਰ ਗਿਰਾਵਟ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ 'ਚ ਸੀਤ ਲਹਿਰ ਦਾ ਪ੍ਰਭਾਵ 24 ਦਸੰਬਰ ਤਕ ਜਾਰੀ ਰਹੇਗਾ। ਇਸ ਦੇ ਨਾਲ ਹੀ ਪੰਜਾਬ ਦੇ ਫ਼ਿਰੋਜ਼ਪੁਰ ਵਿਚ ਵੀ ਤਾਪਮਾਨ 1 ਡਿਗਰੀ ਤੋਂ ਘੱਟ ਯਾਨੀ 0.9 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ 11 ਜ਼ਿਲ੍ਹੇ ਅਜਿਹੇ ਹਨ ਜਿਥੇ ਘੱਟੋ-ਘੱਟ ਤਾਪਮਾਨ 5 ਡਿਗਰੀ ਤੋਂ ਘੱਟ ਪਾਇਆ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਸਮੇਤ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ ਅਤੇ ਰੂਪਨਗਰ ਵਿਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਤਾਪਮਾਨ 5 ਡਿਗਰੀ ਤੋਂ ਹੇਠਾਂ ਜਾਂ ਨੇੜੇ ਪਹੁੰਚ ਸਕਦਾ ਹੈ। ਜਦੋਂ ਕਿ ਪੰਜਾਬ ਦੇ ਹੋਰ ਹਿੱਸਿਆਂ ਵਿਚ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਰਹਿਣ ਦੀ ਸੰਭਾਵਨਾ ਹੈ
ਮੌਸਮ ਵਿਭਾਗ ਮੁਤਾਬਕ ਹਵਾ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵਲ ਵਧ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬ ਅਤੇ ਚੰਡੀਗੜ੍ਹ 'ਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਠੰਢ 'ਚ ਕੰਬ ਰਹੇ ਹਨ। ਪਰ ਇਸ ਦੇ ਨਾਲ ਹੀ ਹਵਾ ਦੀ ਰਫ਼ਤਾਰ ਵੀ ਕਾਫੀ ਘੱਟ ਗਈ ਹੈ। ਪਿਛਲੇ ਦਿਨਾਂ 'ਚ ਹਵਾ ਦੀ ਰਫ਼ਤਾਰ 10 ਕਿਲੋਮੀਟਰ ਪ੍ਰਤੀ ਘੰਟਾ ਸੀ, ਜੋ ਹੁਣ ਕਰੀਬ 4 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਹੈ।
ਇਸ ਦਾ ਮਤਲਬ ਹੈ ਕਿ ਧੁੰਦ ਦਾ ਅਸਰ ਹੁਣ ਪੰਜਾਬ ਅਤੇ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲੇਗਾ। ਪੰਜਾਬ ਵਿਚ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਅਤੇ ਫਰੀਦਕੋਟ ਵਿਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਕਈ ਖੇਤਰਾਂ ਵਿਚ ਵਿਜ਼ੀਬਿਲਟੀ 50 ਤੋਂ 100 ਮੀਟਰ ਦੇ ਵਿਚਕਾਰ ਰਹਿਣ ਦੀ ਉਮੀਦ ਹੈ।