ਕੇਂਦਰ ਸਰਕਾਰ ਕਿਸਾਨ ਮਾਰੂ ਖੇਤੀ ਕਾਨੂੰਨ, ਬਿਨਾਂ ਕਿਸੇ ਦੇਰੀ ਦੇ ਵਾਪਸ ਲਵੇ : ਬਾਜਵਾ, ਸਰਕਾਰੀਆ
ਤਿ੍ਪਤ ਬਾਜਵਾ ਅਤੇ ਸਰਕਾਰੀਆ ਨੇ ਜੰਤਰ ਮੰਤਰ ਧਰਨੇ ਵਿਚ ਭਰੀ ਹਾਜ਼ਰੀ
ਚੰਡੀਗੜ੍ਹ, 20 ਜਨਵਰੀ (ਸੁਖਰਾਜ ਸਿੰਘ) : ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਤਿ੍ਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਜੰਤਰ ਮੰਤਰ ਵਿਖੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਵਲੋਂ ਕਿਸਾਨਾਂ ਦੇ ਹੱਕ ਵਿਚ ਦਿਤੇ ਜਾ ਰਹੇ ਧਰਨੇ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਸ. ਤਿ੍ਪਤ ਬਾਜਵਾ ਅਤੇ ਸਰਕਾਰੀਆ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ 'ਤੇ ਥੋਪੇ ਗਏ ਤਿੰਨੋ ਕਾਲੇ ਕਾਨੂੰਨ ਤੁਰਤ ਵਾਪਸ ਲੈਣੇ ਚਾਹੀਦੇ ਹਨ |
ਦੋਵਾਂ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਦੋ ਮਹੀਨੇ ਤੋਂ ਦੇਸ਼ ਭਰ ਦੇ ਲੱਖਾਂ ਕਿਸਾਨ ਦਿੱਲੀ ਦੀ ਸਰਹੱਦ 'ਤੇ ਹੱਡ ਚੀਰਵੀਂ ਠੰਢ ਵਿਚ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨ ਮਾਰੂ ਕਾਨੂੰਨ ਰੱਦ ਕਰਨ ਦੀ ਬਜਾਏ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਫੁੱਟ ਪਾਉ ਅਤੇ ਟਾਲ ਮਟੋਲ ਦੀ ਨੀਤੀ 'ਤੇ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਤਕ 100 ਤੋਂ ਵੱਧ ਕਿਸਾਨਾਂ
ਦੀ ਇਸ ਸੰਘਰਸ਼ ਵਿਚ ਜਾਨ ਜਾ ਚੁੱਕੀ ਹੈ, ਇਸ ਸੱਭ ਦੇ ਬਾਵਜੂਦ ਵੀ ਕੇਂਦਰ ਸਰਕਾਰ ਹਾਲੇ ਵੀ ਕਿਸਾਨੀ ਮਾਮਲੇ ਦੇ ਹੱਲ ਕਰਨ ਲਈ ਕੋਈ ਠੋਸ ਕਦਮ ਨਹੀਂ ਉਠਾ ਰਹੀ, ਬਲਕਿ ਉਲਟਾ ਕਿਸਾਨਾਂ ਨੂੰ ਡਰਾਉਣ ਧਮਕਾਉਣ ਲਈ ਈ.ਡੀ ਦੇ ਨੋਟਿਸ ਭੇਜ ਰਹੀ ਹੈ |
ਸ. ਬਾਜਵਾ ਅਤੇ ਸਰਕਾਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਜਿੱਦ ਛੱਡ ਕੇ ਖ਼ੁਦ ਪਹਿਲਕਦਮੀ ਕਰਦਿਆਂ ਤਿੰਨੋ ਕਿਸਾਨ ਮਾਰੂ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਨ |
ਜੰਤਰ ਮੰਤਰ ਵਿਖੇ ਧਰਨਾ ਦਿੰਦੇ ਹੋਏ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਰਵਨੀਤ ਸਿੰਘ ਬਿੱਟੂ, ਕੁਲਬੀਰ ਸਿੰਘ ਜ਼ੀਰਾ ਤੇ ਹੋਰ |