
ਪ੍ਰੋ: ਭੁੱਲਰ ਦੀ ਰਿਹਾਈ 'ਚ ਅੜਿੱਕਾ ਬਣ ਰਹੀ ਕੇਜਰੀਵਾਲ ਸਰਕਾਰ ਨੂੰ ਸਿੱਖ ਕਦੇ ਮਾਫ਼ ਨਹੀਂ ਕਰਨਗੇ : ਬਾਬਾ ਸੋਹਣ ਸਿੰਘ, ਬਾਬਾ ਮੋਹਣ ਸਿੰਘ
: ਬਾਬਾ ਸੋਹਣ ਸਿੰਘ, ਬਾਬਾ ਮੋਹਣ ਸਿੰਘ
ਜਲਾਲਾਬਾਦ, 19 ਜਨਵਰੀ (ਸੁਖਦੇਵ ਸਿੰਘ ਸੰਧੂ): ਡੇਰਾ (ਗੁਰਦੁਆਰਾ) ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਮੰਡੀ ਅਰਨੀਵਾਲਾ ਦੇ ਮੁਖੀ ਬਾਬਾ ਪ੍ਰੇਮ ਸਿੰਘ, ਸੇਵਾਦਾਰ ਬਾਬਾ ਸੋਹਣ ਸਿੰਘ, ਬਾਬਾ ਮੋਹਣ ਸਿੰਘ ਨੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿਚ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵਲੋਂ ਬੇਲੋੜਾ ਅੜਿੱਕਾ ਪਾਉਣ ਦੀ ਸਖ਼ਤ ਸ਼ਬਦਾਂ ਨਾਲ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਪ੍ਰੋਫ਼ੈਸਰ ਭੁੱਲਰ ਦੀ ਰਿਹਾਈ ਦਾ ਮਾਮਲਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਅਤਿ ਸੰਵੇਦਨਸ਼ੀਲ ਮਾਮਲਾ ਹੈ |
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪ੍ਰੋ. ਭੁੱਲਰ ਦੀ ਰਿਹਾਈ ਪ੍ਰਤੀ ਪ੍ਰਵਾਨਗੀ ਦੇਣ ਦੇ ਬਾਵਜੂਦ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਪ੍ਰੋ. ਭੁੱਲਰ ਦੀ ਰਿਹਾਈ ਦੇ ਮਤੇ ਨੂੰ 4 ਵਾਰ ਰੱਦ ਕਰਦਿਆਂ ਸਿੱਖ ਹਿਰਦਿਆਂ ਨੂੰ ਗਹਿਰੀ ਚੋਟ ਪਹੁੰਚਾਉਣ ਤੋਂ ਇਲਾਵਾ ਸਿੱਖ ਵਿਰੋਧੀ ਹੋਣ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕੇਜਰੀਵਾਲ ਨੂੰ ਕਿਹਾ ਕਿ ਉਹ ਪ੍ਰੋ. ਭੁੱਲਰ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਬੰਦੀ ਸਿੰਘਾਂ ਦਾ ਦੁਸ਼ਮਣ ਨਾ ਬਣੇ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਿੱਖ ਕੈਦੀਆਂ ਨੂੰ ਛੱਡਣ ਪ੍ਰਤੀ ਚੰਗੇ ਕਦਮ ਉਠਾਏ ਹਨ ਪਰ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਪ੍ਰੋ. ਭੁੱਲਰ ਨੂੰ ਰਿਹਾਅ ਨਾ ਕਰ ਕੇ ਮਨੁੱਖੀ ਅਤੇ ਕੈਦੀਆਂ ਦੇ ਅਧਿਕਾਰਾਂ ਦਾ ਹਨਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਅੱਜ ਕੇਜਰੀਵਾਲ ਸਰਕਾਰ ਵਿਰੁਧ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ (ਸੰਨ 1982-95) ਦੇ ਸੰਤਾਪ ਦੇ ਦਿਨਾਂ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ | ਉਕਤ ਦੌਰ ਦੀ ਤ੍ਰਾਸ਼ਦੀ ਨੂੰ 'ਕੌਮੀ ਤ੍ਰਾਸਦੀ' ਮੰਨਦਿਆਂ ਮਾਨਵਤਾ ਦੇ ਆਧਾਰ 'ਤੇ ਬਿਨਾਂ ਕਿਸੇ ਭੇਦ-ਭਾਵ ਸੱਭ ਪੀੜਤ ਪ੍ਰਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਵੀ ਕੀਤੀ ਹੈ |