
ਅਜੇ ਪਰਸੋਂ ਹੀ ਮਨਪ੍ਰੀਤ ਬਾਦਲ ਨੇ ਛੱਡਿਆ ਪਾਰਟੀ ਦਾ ਸਾਥ
ਜਲੰਧਰ : ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਥਾਨਕ ਲੀਡਰਸ਼ਿਪ ਪੰਜਾਬ ਵਿਚ ਅਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਹੀ ਰਹੀ ਹੈ ਕਿ ਪਾਰਟੀ ਦੇ ਆਗੂ ਹੌਲੀ ਹੌਲੀ ਪਾਰਟੀ ਛੱਡ ਕੇ ਜਾ ਰਹੇ ਹਨ। ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਿਰ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਤੇ ਹੁਣ ਪਾਰਟੀ ਦਾ ਵੱਡਾ ਚਿਹਰਾ ਮਨਪ੍ਰੀਤ ਬਾਦਲ ਵੀ ਪਾਰਟੀ ਛੱਡ ਕੇ ਚਲਾ ਗਿਆ ਹੈ। ਮਨਪ੍ਰੀਤ ਬਾਦਲ ਨੇ ਪਾਰਟੀ ਦਾ ਸਾਥ ਉਸ ਸਮੇਂ ਛੱਡਿਆ ਜਦੋਂ ਪਾਰਟੀ ਦੇ ਸਾਬਕਾ ਪ੍ਰਦਾਨ ਰਾਹੁਲ ਗਾਂਧੀ ਦੀ ਪੰਜਾਬ ਵਿਚ ਰੈਲੀ ਚੱਲ ਰਹੀ ਸੀ।
ਇਸ ਦੇ ਨਾਲ ਹੀ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਰਾਜਨੀਤਕ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਮੌਜੂਦ ਸੰਸਦ ਚੌਧਰੀ ਸੰਤੋਖ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। ਸੰਤੋਖ ਚੌਧਰੀ ਦੀ ਮੌਤ ਨੂੰ ਕੁਝ ਹੀ ਦਿਨ ਹੋਏ ਹਨ ਕਿ ਹੁਣ ਉਪ ਚੋਣਾਂ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ।
ਜਲੰਧਰ ਲੋਕ ਸਭਾ ਦੀ ਸੀਟ ਇਕ ਤਰ੍ਹਾਂ ਨਾਲ ਕਾਂਗਰਸ ਦਾ ਗੜ੍ਹ ਸੀ ਪਰ ਹੁਣ ਸੱਤਾ ’ਚ ਆਪ ਸਰਕਾਰ ਹੈ, ਜੋ ਹੌਲੀ-ਹੌਲੀ ਆਪਣੀ ਤਾਕਤ ਨੂੰ ਇਕੱਠਾ ਕਰ ਰਹੀ ਹੈ
ਇਹ ਵੀ ਪੜ੍ਹੋ: ਗੂਗਲ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ: ਇਕ ਹਫ਼ਤੇ ਵਿਚ ਜਮ੍ਹਾਂ ਕਰਵਾਉਣੇ ਪੈਣਗੇ ਜੁਰਮਾਨੇ ਦੇ 138 ਕਰੋੜ
ਦੂਜੇ ਪਾਸੇ ਭਾਜਪਾ ਹੈ, ਜਿਸ ਦੀ ਕੇਂਦਰ ’ਚ ਸਰਕਾਰ ਹੈ ਅਤੇ ਪੰਜਾਬ ’ਚੋਂ ਕਾਂਗਰਸ ਦੇ ਵੱਡੇ ਚਿਹਰੇ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਵੀ ਇਸ ਉਪ ਚੋਣ ’ਚ ਅਪਣੀ ਕਿਸਮਤ ਅਜਮਾਏਗੀ, ਖ਼ਬਰਾਂ ਅਨੁਸਾਰ ਇਹ ਉਪ ਚੋਣ ਮਾਰਚ ’ਚ ਹੋ ਸਕਦੀ ਹੈ, ਇਹ ਕਾਂਗਰਸ ਲਈ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ।
‘ਭਾਰਤ ਜੋੜੋ ਯਾਤਰਾ’ ’ਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ, ਸਾਬਕਾ ਮੰਤਰੀਆਂ ਨੇ ਆਪਣੀ ਜੇਬ ’ਚੋਂ ਪੈਸੇ ਖ਼ਰਚ ਕੇ ਪਾਰਟੀ ’ਚ ਆਪਣਾ ਯੋਗਦਾਨ ਦਿੱਤਾ ਹੈ ਕਿਉਂਕਿ ਯਾਤਰਾ ’ਚ ਸੰਭਾਵਿਤ ਤੌਰ ’ਤੇ ਕਾਫ਼ੀ ਖ਼ਰਚਾ ਹੋਇਆ ਹੈ ਅਤੇ ਜੇ ਦੇਖਿਆ ਜਾਵੇ ਕਿ ਤੁਰੰਤ ਲੋਕ ਸਭਾ ਦੀ ਉਪ ਚੋਣ ਹੋ ਗਈ ਤਾਂ ਪਾਰਟੀ ਨੂੰ ਇੱਥੇ ਵੀ ਖਰਚ ਕਰਨਾ ਪਵੇਗਾ।
ਜੇਕਰ ਕਾਂਗਰਸ ਉਪ ਚੋਣ ਨੂੰ ਜਿੱਤਣ ’ਚ ਸਫ਼ਲ ਰਹਿੰਦੀ ਹੈ ਤਾਂ ਉਹ ਬੜੀ ਆਸਾਨੀ ਨਾਲ ਅਗਲੀਆਂ ਲੋਕ ਸਭਾ ਚੋਣਾਂ ਤੱਕ ਅਪਣੇ ਆਪ ਨੂੰ ਥੋੜ੍ਹਾ ਮਜ਼ਬੂਤ ਕਰ ਲਵੇਗੀ। ਇਹ ਉਪ ਚੋਣ ਕਾਂਗਰਸ ਲਈ ਇਕ ਚੁਣੌਤੀ ਦੀ ਤਰ੍ਹਾਂ ਹੈ ਕਿਉਂਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਵੀ ਉਸ ਨੂੰ ਵੱਡਾ ਮੁਕਾਬਲਾ ਦਿੰਦੀ ਦਿਖ ਰਹੀ ਹੈ। ਕਾਂਗਰਸ ਵਿਚੋਂ ਭਾਜਪਾ ’ਚ ਸ਼ਾਮਲ ਹੋਏ ਸਾਰੇ ਵੱਡੇ ਆਗੂ ਤਜਰਬੇਕਾਰ ਹਨ ਅਤੇ ਰਾਜਨੀਤੀ ਦੀ ਨਬਜ਼ ਨੂੰ ਭਲੀਭਾਂਤ ਸਮਝਦੇ ਹਨ। ਉਨ੍ਹਾਂ ਨੂੰ ਦਾਅ ਖੇਡਣਾ ਆਉਂਦਾ ਹੈ ਅਤੇ ਉਸ ਨੂੰ ਲਾਗੂ ਕਿਵੇਂ ਕਰਨਾ ਹੈ ਇਹ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ।