
ਮ੍ਰਿਤਕ ਫੌਜੀ ਦੀ ਪਛਾਣ ਸੰਦੀਪ ਕੁਮਾਰ (32) ਵਾਸੀ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ
Punjab News: ਲੁਧਿਆਣਾ- ਪੰਜਾਬ ਦੇ ਲੁਧਿਆਣਾ 'ਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗੰਨਮੈਨ ਦੀ ਸ਼ੱਕੀ ਹਾਲਾਤਾਂ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਹ ਸੀਆਈਐਸਐਫ ਜਵਾਨ ਰੋਜ਼ ਗਾਰਡਨ ਨੇੜੇ ਬਿੱਟੂ ਦੇ ਸਰਕਾਰੀ ਘਰ ਵਿਚ ਤਾਇਨਾਤ ਸੀ। ਦੇਰ ਰਾਤ ਪਿਸਤੌਲ 'ਚੋਂ ਚੱਲੀ ਗੋਲੀ ਗਰਦਨ 'ਚ ਵੜ ਕੇ ਸਿਰ 'ਚੋਂ ਲੰਘ ਗਈ। ਬਿੱਟੂ ਉਸ ਸਮੇਂ ਘਰ ਨਹੀਂ ਸੀ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।
ਮ੍ਰਿਤਕ ਫੌਜੀ ਦੀ ਪਛਾਣ ਸੰਦੀਪ ਕੁਮਾਰ (32) ਵਾਸੀ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਗੋਲੀ ਦੀ ਆਵਾਜ਼ ਨਾਲ ਪੂਰਾ ਇਲਾਕਾ ਹਿੱਲ ਗਿਆ। ਜਦੋਂ ਉਥੇ ਤਾਇਨਾਤ ਉਸ ਦੇ ਸਾਥੀ ਉਸ ਦੇ ਕਮਰੇ ਦੇ ਨੇੜੇ ਪਹੁੰਚੇ ਤਾਂ ਸੰਦੀਪ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਪਿਆ ਸੀ। ਸਿਪਾਹੀਆਂ ਨੇ ਤੁਰੰਤ ਇਸ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਸੂਚਨਾ ਤੋਂ ਬਾਅਦ ਸੀਆਈਐਸਐਫ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਕਿਵੇਂ ਚੱਲੀ ਜਾਂ ਚਲਾਈ ਗਈ। ਅਧਿਕਾਰੀ ਦੇਰ ਰਾਤ ਤੱਕ ਬਿੱਟੂ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਦੇ ਰਹੇ। ਕੇਂਦਰ ਸਰਕਾਰ ਦੀ ਸੁਰੱਖਿਆ ਫੋਰਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।
ਹਾਦਸੇ ਸਮੇਂ ਸੰਸਦ ਮੈਂਬਰ ਬਿੱਟੂ ਕੋਠੀ ਵਿਚ ਮੌਜੂਦ ਨਹੀਂ ਸਨ। ਉਹ ਕਿਸੇ ਪਾਰਟੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਗਏ ਹੋਏ ਸਨ। ਉਹਨਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਹੀ ਉਹਨਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਹਾਦਸੇ ਦੇ ਸਮੇਂ ਹੋਰ ਸੁਰੱਖਿਆ ਕਰਮਚਾਰੀ ਘਰ ਵਿਚ ਮੌਜੂਦ ਸਨ। ਦੇਰ ਰਾਤ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਗਿੱਛ ਵੀ ਕੀਤੀ।
ਪੁਲਿਸ ਹਾਦਸੇ ਦੇ ਸਮੇਂ ਮੌਜੂਦ ਸੁਰੱਖਿਆ ਕਰਮਚਾਰੀਆਂ ਦੇ ਬਿਆਨ ਵੀ ਦਰਜ ਕਰ ਰਹੀ ਹੈ। ਇਸ ਹਾਦਸੇ ਬਾਰੇ ਰਵਨੀਤ ਸਿੰਘ ਬਿੱਟੂ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ 'ਤੇ ਪਹੁੰਚ ਗਏ। ਦੱਸ ਦਈਏ ਕਿ ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਮਾਮਲੇ 'ਚ ਗੋਲੀ ਚੱਲਣ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਹੈ। ਗੋਲੀ ਕਿਵੇਂ ਚੱਲੀ, ਇਹ ਅਜੇ ਜਾਂਚ ਦਾ ਵਿਸ਼ਾ ਹੈ। ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀ ਸੁਰੱਖਿਆ ਕਰਮੀ ਦੀ ਗਰਦਨ ਵਿਚ ਲੱਗੀ।
ਗੋਲੀ ਉਸ ਦੀ ਗਰਦਨ ਵਿਚੋਂ ਦੀ ਲੰਘ ਕੇ ਉਸ ਦੇ ਸਿਰ ਵਿਚੋਂ ਲੰਘ ਗਈ। ਹਸਪਤਾਲ ਵਿਚ ਡਾਕਟਰਾਂ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਹਾਦਸੇ ਦੇ ਸਮੇਂ ਸੁਰੱਖਿਆ ਕਰਮਚਾਰੀ ਆਨ-ਡਿਊਟੀ ਵਰਦੀ ਵਿਚ ਤਾਇਨਾਤ ਸਨ।
(For more news apart from Punjab News, stay tuned to Rozana Spokesman)