4 ਕਿੱਲੇ ਜ਼ਮੀਨ ਦਾ ਕਬਜ਼ਾ ਲੈਣ ਸਮੇਂ ਬਟਵਾਰੇ ਨੂੰ ਲੈ ਕੇ ਦੋ ਧਿਰਾਂ ’ਚ ਹੋਇਆ ਵਿਵਾਦ
ਦਸੂਹਾ : ਹੁਸ਼ਿਆਰਪੁਰ ਜ਼ਿਲ੍ਹੇ ਅਧੀਨ ਆਉਂਦੇ ਦਸੂਹਾ ਦੇ ਪਿੰਡ ਸਹੇਗਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਗੋਲੀਆਂ ਚੱਲ ਗਈਆਂ । ਫਿਲਹਾਲ ਇਸ ਸਾਰੇ ਵਿਵਾਦ ਵਿੱਚ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਰਾਈਫਲ ਅਤੇ ਪਿਸਤੌਲ ਰਾਹੀਂ 8 ਤੋਂ 9 ਹਵਾਈ ਰਾਊਂਡ ਫਾਇਰ ਕੀਤੇ ਗਏ। ਹੁਣ ਇਸ ਸਾਰੇ ਮਾਮਲੇ ਨੂੰ ਲੈ ਕੇ ਦਸੂਹਾ ਪੁਲਿਸ ਵੱਲੋਂ ਘਟਨਾ ਸਥਾਨ 'ਤੇ ਮੌਜੂਦ ਦੋਵਾਂ ਧਿਰਾਂ ਤੋਂ ਪੁੱਛਗਿੱਛ ਕਰਕੇ ਕੇਸ ਦਰਜ ਕੀਤਾ । ਮਿਲੀ ਜਾਣਕਾਰੀ ਮੁਤਾਬਕ ਪਿੰਡ ਸਹੇਗਾ ਦੀ ਇੱਕ ਔਰਤ ਨੇ ਆਪਣੇ ਹਿੱਸੇ ਦੇ ਚਾਰ ਖੇਤ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਕਿਸੇ ਵਿਅਕਤੀ ਨੂੰ ਵੇਚ ਦਿੱਤੇ ਸਨ। ਵੇਚੀ ਗਈ ਜ਼ਮੀਨ ਦਾ ਸਾਂਝਾ ਖਾਤਾ 8 ਖੇਤ ਯਾਨੀ ਕਿਲੇ ਸੀ। ਵੇਚੀ ਗਈ ਜ਼ਮੀਨ ਅਤੇ ਬਾਕੀ ਬਚਦੇ ਹੋਰ ਨੰਬਰਾਂ 'ਤੇ ਬਰਾਬਰ ਹਿੱਸੇ 'ਤੇ ਕਬਜ਼ਾ ਕਰਨ ਲਈ ਅੱਜ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਸਨ। ਉਪਰੰਤ ਸਹੀ ਜ਼ਮੀਨ ਦੇ ਹਿੱਸਿਆਂ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਭਾਰੀ ਤਣਾਅ ਪੈਦਾ ਹੋ ਗਿਆ।
ਜਾਣਕਾਰੀ ਅਨੁਸਾਰ ਗੁਰਦੀਪ ਸਿੰਘ, ਉਸ ਦੇ ਦੋ ਬੇਟੇ ਕੁਲਵਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਨਿਵਾਸੀ ਪਿੰਡ ਸਹੇਗਾ, ਥਾਣਾ ਦਸੂਹਾ, ਹਾਲ ਨਿਵਾਸੀ ਵੇਰਕਾ ਮਿਲਕ ਪਲਾਂਟ ਦਸੂਹਾ ਨੇ ਇੱਕ ਹਫ਼ਤਾ ਪਹਿਲਾਂ ਰਾਜਵਿੰਦਰ ਕੌਰ ਪਤਨੀ ਗੁਰਮੇਲ ਸਿੰਘ ਨਿਵਾਸੀ ਬੇਗੋਵਾਲ, ਜ਼ਿਲ੍ਹਾ ਕਪੂਰਥਲਾ (ਜੋ ਵਿਦੇਸ਼ ਵਿੱਚ ਕੈਨੇਡਾ ਵਿੱਚ ਰਹਿੰਦੀ ਹੈ) ਜਿਸ ਦੀ ਜ਼ਮੀਨ ਪਿੰਡ ਸਹੇਗਾ ਵਿੱਚ ਚਾਰ ਕਿੱਲੇ ਸੀ, ਉਸ ਦੀ ਰਜਿਸਟਰੀ ਗੁਰਦੀਪ ਸਿੰਘ ਨੇ ਕਰਵਾਈ ਸੀ। ਜ਼ਮੀਨ ਕੁੱਲ ਮਿਲਾ ਕੇ 8 ਕਿੱਲੇ ਹੋਣ ਕਾਰਨ ਦੂਜੇ ਪਾਰਟਨਰ ਗੁਰਨਾਮ ਸਿੰਘ ਪੁੱਤਰ ਸਰੂਪ ਸਿੰਘ ਨਿਵਾਸੀ ਬੇਗੋਵਾਲ ਨੂੰ 4 ਕਿੱਲੇ 'ਤੇ ਕਬਜ਼ਾ ਕਰਨ ਲਈ ਪਿੰਡ ਸਹੇਗਾ ਬੁਲਾਇਆ ਗਿਆ ਸੀ। ਇਸ ਮੌਕੇ ਜ਼ਮੀਨ ਦੇ ਬਟਵਾਰੇ ਨੂੰ ਲੈ ਕੇ ਦੋਵਾਂ ਵਿੱਚ ਝਗੜਾ ਸ਼ੁਰੂ ਹੋ ਗਿਆ। ਗੁਰਦੀਪ ਸਿੰਘ ਅਤੇ ਉਸ ਦੇ ਦੋ ਬੇਟਿਆਂ ਕੁਲਵਿੰਦਰ ਅਤੇ ਪਲਵਿੰਦਰ ਨੇ ਆਪਣੀ ਦੋਨਾਲੀ ਰਾਈਫਲ ਅਤੇ ਦੇਸੀ ਬੰਦੂਕ ਨਾਲ ਹਵਾ ਵਿੱਚ 8/9 ਗੋਲੀਆਂ ਚਲਾਈਆਂ ਗਈਆਂ।
