‘ਚੀਫ ਆਫ਼ ਆਰਮੀ ਸਟਾਫ਼’ ਅਤੇ ‘ਆਰਮੀ ਕਮਾਂਡਰ’ ਦੇ ਅਹੁਦੇ ’ਤੇ ਪ੍ਰਸ਼ੰਸਾ ਪੱਤਰਾਂ ਨਾਲ ਕੀਤਾ ਗਿਆ ਸਨਮਾਨਿਤ
ਚੰਡੀਗੜ੍ਹ: ਭਾਰਤੀ ਫ਼ੌਜ ਦੀ ਸ਼ਾਨ ਮੰਨੇ ਜਾਣ ਵਾਲੀ ਸਿੱਖ ਰੈਜੀਮੈਂਟ ਨੇ ਅਪਣੇ ਬੇਮਿਸਾਲ ਪ੍ਰਦਰਸ਼ਨ ਨਾਲ ਭਾਰਤੀ ਫੌਜ ਦੀਆਂ ਉਮੀਦਾਂ ਉਤੇ ਖਰਾ ਉਤਰਦਿਆਂ ਇਤਿਹਾਸ ਰਚਿਆ ਹੈ। ਪਛਮੀ ਕਮਾਂਡ ਦੇ ਇਕ ਬੁਲਾਰੇ ਅਨੁਸਾਰ ਜਨਵਰੀ 2026 ਵਿਚ ਸਿੱਖ ਰੈਜੀਮੈਂਟ ਦੀਆਂ ਕੁਲ ਸੱਤ ਬਟਾਲੀਅਨਾਂ ਨੂੰ ‘ਚੀਫ ਆਫ਼ ਆਰਮੀ ਸਟਾਫ’ ਅਤੇ ‘ਆਰਮੀ ਕਮਾਂਡਰ’ ਦੇ ਅਹੁਦੇ ਉਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ’ਚੋਂ ਦੋ ਬਟਾਲੀਅਨਾਂ ਨੂੰ ‘ਚੀਫ ਆਫ਼ ਆਰਮੀ ਸਟਾਫ ਯੂਨਿਟ’ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ, ਇਕ ਬਟਾਲੀਅਨ ਨੂੰ ‘ਚੀਫ ਆਫ਼ ਆਰਮੀ ਸਟਾਫ ਯੂਨਿਟ ਸਾਈਟੇਸ਼ਨ’ ਅਤੇ ਚਾਰ ਬਟਾਲੀਅਨਾਂ ਨੂੰ ‘ਆਰਮੀ ਕਮਾਂਡਰ ਯੂਨਿਟ ਸਾਈਟੇਸ਼ਨ’ ਨਾਲ ਸਨਮਾਨਿਤ ਕੀਤਾ ਗਿਆ।
ਇਕੋ ਮੌਕੇ ਉਤੇ ਇੰਨੀ ਵੱਡੀ ਗਿਣਤੀ ਵਿਚ ਬਟਾਲੀਅਨਾਂ ਦਾ ਪੁਰਸਕਾਰ ਨਾ ਸਿਰਫ ਅਸਾਧਾਰਣ ਹੈ, ਬਲਕਿ ਰੈਜੀਮੈਂਟ ਦੀ ਨਿਰੰਤਰ ਉੱਤਮਤਾ ਦਾ ਸਬੂਤ ਵੀ ਹੈ। ਸਿੱਖ ਰੈਜੀਮੈਂਟ ਦੀ ਆਤਮਾ ਪੰਜਾਬ ਦੇ ਨੌਜੁਆਨਾਂ ਵਿਚ ਵਸਦੀ ਹੈ, ਜੋ ਪੀੜ੍ਹੀਆਂ ਤੋਂ ਚਲੀ ਆ ਰਹੀ ਯੋਧਾ ਪਰੰਪਰਾ ਨੂੰ ਮਾਣ ਨਾਲ ਅੱਗੇ ਵਧਾ ਰਹੇ ਹਨ। ਕੁੱਝ ਐਚ.ਆਰ. ਚੁਨੌਤੀਆਂ ਦੇ ਬਾਵਜੂਦ, ਰੈਜੀਮੈਂਟ ਨੇ ਕਦੇ ਵੀ ਅਪਣੇ ਉੱਚ ਪ੍ਰਦਰਸ਼ਨ ਦੇ ਮਿਆਰਾਂ ਨਾਲ ਸਮਝੌਤਾ ਨਹੀਂ ਕੀਤਾ। ਇਹੀ ਕਾਰਨ ਹੈ ਕਿ ਸਿੱਖ ਰੈਜੀਮੈਂਟ ਅਜੇ ਵੀ ਭਾਰਤੀ ਫੌਜ ਦੀਆਂ ਸੱਭ ਤੋਂ ਭਰੋਸੇਮੰਦ ਇਨਫੈਂਟਰੀ ਰੈਜੀਮੈਂਟਾਂ ’ਚੋਂ ਇਕ ਹੈ। ਪੰਜਾਬੀਆਂ ਦੀਆਂ ਰਗਾਂ ਵਿਚ ਵਹਿ ਰਹੀ ਯੋਧਾ ਭਾਵਨਾ ਫੌਜ ਦੀ ਸੇਵਾ ਨਾਲ ਅਪਣਾ ਉੱਚਤਮ ਰੂਪ ਪ੍ਰਾਪਤ ਕਰਦੀ ਹੈ। ਸਿੱਖ ਰੈਜੀਮੈਂਟ ਉਸੇ ਬਹਾਦਰੀ ਦਾ ਜਿਉਂਦਾ ਜਾਗਦਾ ਪ੍ਰਤੀਕ ਹੈ, ਜਿੱਥੇ ਹਰ ਕਦਮ, ਹਰ ਸੰਘਰਸ਼ ਅਤੇ ਹਰ ਕੁਰਬਾਨੀ ਦਾ ਇਕ ਹੀ ਮੰਤਰ ਹੈ, ‘ਹਰ ਕਾਮ ਦੇਸ਼ ਕੇ ਨਾਮ‘।
