
ਗੁਰਲਾਲ ਭਲਵਾਨ ਦੇ ਕਤਲ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਫ਼ੇਸਬੁੱਕ ਉਤੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ
ਗੁਰਲਾਲ ਭਲਵਾਨ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਅੰਤਮ ਸਸਕਾਰ
ਫ਼ਰੀਦਕੋਟ, 19 ਫ਼ਰਵਰੀ (ਗੁਰਿੰਦਰ ਸਿੰਘ): ਬੀਤੇ ਕਲ ਅਣਪਛਾਤੇ ਨੌਜਵਾਨਾਂ ਨਵਲੋਂ ਦਿਨ ਦਿਹਾੜੇ ਕਤਲ ਕਰ ਦਿਤੇ ਗਏ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਰਲਾਲ ਭਲਵਾਨ ਦੇ ਅੰਤਮ ਸਸਕਾਰ ਮੌਕੇ ਭਾਰੀ ਗਿਣਤੀ ਵਿਚ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਅਤੇ ਕਾਂਗਰਸੀ ਵਰਕਰਾਂ ਨੇ ਉਸ ਨੂੰ ਹੰਝੂ ਭਰੀਆਂ ਅੱਖਾਂ ਨਾਲ ਅੰਤਮ ਵਿਦਾਇਗੀ ਦਿਤੀ | ਭਾਵੇਂ ਗੁਰਲਾਲ ਭਲਵਾਨ ਦੀ ਹਤਿਆ ਦੀ ਜ਼ਿੰਮੇਵਾਰੀ ਦੇਰ ਰਾਤ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਅਪਣੇ ਫ਼ੇਸਬੁੱਕ ਅਕਾਉਂਟ ਰਾਹੀਂ ਲੈਂਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਚੰਡੀਗੜ੍ਹ ਵਿਖੇ ਕਤਲ ਹੋਏ ਅਪਣੇ ਦੋਸਤ ਗੁਰਲਾਲ ਬਰਾੜ ਦਾ ਬਦਲਾ ਲਿਆ ਹੈ ਪਰ ਪੁਲਿਸ ਵਲੋਂ ਉਕਤ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |
ਪੁਲਿਸ ਨੇ ਮਿ੍ਤਕ ਦੇ ਪਿਤਾ ਸੁਖਚੈਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 8 ਅਣਪਛਾਤੇ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ | ਮਿ੍ਤਕ ਗੁਰਲਾਲ ਸਿੰਘ ਨੂੰ ਫ਼ਰੀਦਕੋਟ ਦੇ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦਾ ਨੇੜਲਾ ਸਾਥੀ ਮੰਨਿਆ ਜਾਂਦਾ ਸੀ | ਜ਼ਿਕਰਯੋਗ ਹੈ ਕਿ ਬੀਤੇ ਕਲ ਕਰੀਬ 5 ਵਜੇ ਸ਼ਾਮ ਨੂੰ ਜਦ ਗੁਰਲਾਲ ਭਲਵਾਨ ਜੁਬਲੀ ਚੌਂਕ ਵਿਚ ਅਪਣੀ ਕਾਰ ਦੀ ਬਾਰੀ ਖੋਲ ਕੇ ਬੈਠਣ ਲੱਗਾ ਤਾਂ ਅਣਪਛਾਤੇ ਨਕਾਬਪੋਸ਼ ਲੜਕਿਆਂ ਨੇ ਉਸ ਉੱਪਰ ਗੋਲੀਆਂ ਦੀ ਵਾਛੜ ਕਰਦਿਆਂ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ |
ਉਕਤ ਮਾਮਲੇ ਦਾ ਦੁਖਦ ਅਤੇ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਘਟਨਾ ਸਥਾਨ ਤੋਂ ਕੁਝ ਕੁ ਗਜ਼ ਦੀ ਦੂਰੀ 'ਤੇ ਪੁਲਿਸ ਨਾਕਾ ਵੀ ਹੈ, ਜਿੱਥੇ 24 ਘੰਟੇ ਪੁਲਿਸ ਮੁਲਾਜ਼ਮ ਤੈਨਾਤ ਰਹਿੰਦੇ ਹਨ | ਅੰਤਮ ਸਸਕਾਰ ਮੌਕੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਯੂਥ ਕਾਂਗਰਸ ਦੇ ਸੂਬਾਈ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਉਕਤ ਘਟਨਾ ਨੂੰ ਬਹੁਤ ਹੀ ਦੁਖਦਾਇਕ ਦਸਿਆ | ਤਫ਼ਤੀਸ਼ੀ ਅਫ਼ਸਰ ਇੰਸ. ਗੁਰਵਿੰਦਰ ਸਿੰਘ ਭੁੱਲਰ ਨੇ ਦਸਿਆ ਕਿ ਘਟਨਾ ਸਥਾਨ ਵਾਲੇ ਇਲਾਕੇ ਦੇ ਆਸਪਾਸ ਵਾਲੀਆਂ ਦੁਕਾਨਾਂ ਅਤੇ ਘਰਾਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇ ਆਧਾਰ 'ਤੇ ਹਤਿਆਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |
ਫੋਟੋ :- ਕੇ.ਕੇ.ਪੀ.-ਗੁਰਿੰਦਰ-19-2ਬੀ