
ਸਿੱਖਾਂ ਨੂੰ ਸ਼ਤਾਬਦੀ ਮਨਾਉਣ ਲਈ ਪਾਕਿਸਤਾਨ ਜਾਣ ਤੋਂ ਰੋਕਣਾ ਮੰਦਭਾਗਾ : ਚੀਫ਼ ਖ਼ਾਲਸਾ ਦੀਵਾਨ
ਅੰਮ੍ਰਿਤਸਰ 19 ਫਰਵਰੀ ( ਸੁਖਵਿੰਦਰਜੀਤ ਸਿੰਘ ਬਹੋੜੂ) : ਅੱਜ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਨੇ ਕੇਂਦਰ ਸਰਕਾਰ ਵਲੋਂ ਸਿੱਖ ਸ਼ਰਧਾਲੂਆਂ ਨੂੰ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ ਲਈ ਪਾਕਿਸਤਾਨ ਜਾਣ ਦੀ ਆਗਿਆ ਨਾ ਦੇਣ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਨਿਰਮਲ ਸਿੰਘ ਨੇ ਕੇਂਦਰ ਸਰਕਾਰ ਦੀਆਂ ਸਿੱਖ ਸੰਗਤਾਂ ਲਈ ਅਪਣਾਈਆਂ ਜਾ ਰਹੀਆਂ ਅਜਿਹੀਆਂ ਪੱਖਪਾਤੀ ਨੀਤੀਆਂ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਭਾਰਤੀ ਗ੍ਰਹਿ ਮੰਤਰਾਲੇ ਵਲੋਂ ਸ੍ਰੀ ਨਨਕਾਣਾ ਸਾਹਿਬ ਸਾਕੇ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਜਥੇ ਦੀ ਰਵਾਨਗੀ ਤੋਂ ਕੁੱਝ ਸਮਾਂ ਪਹਿਲਾ ਲਗਾਈ ਗਈ ਰੋਕ ਕਾਰਨ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ, ਜਿਸ ਕਾਰਨ ਸਮੁੱਚੇ ਸਿੱਖ ਜਗਤ ਵਿਚ ਸਰਕਾਰ ਵਲੋਂ ਲਏ ਗਏ ਇਸ ਅਚਨਚੇਤ ਫ਼ੈਸਲੇ ਪ੍ਰਤੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਮੌਕੇ ਸੀ.ਕੇ.ਡੀ ਸਕੂਲਜ਼ ਚੇਅਰਮੈਨ ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਕਾਰਜਕਾਰੀ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਨੇ ਸਾਂਝੇ ਤੌਰ ਤੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇਕ ਵੱਡਾ ਜਥਾ ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਦੇ ਗੁਰਦੁਆਰਿਆਂ ਵਿਖੇ ਗੁਰਪੁਰਬ ਮਨਾ ਕੇ ਵਾਪਸ ਪਰਤ ਚੁਕਾ ਹੈ ਅਤੇ ਹੁਣ ਜਦੋਂ ਕਿ ਕੋਵਿਡ-19 ਦੇ ਮਦੇਨਜ਼ਰ ਹਾਲਾਤ ਪਹਿਲਾਂ ਨਾਲੋਂ ਕਾਫ਼ੀ ਸੁਧਰ ਰਹੇ ਹਨ, ਸਰਕਾਰ ਵਲੋਂ ਸੁਰੱਖਿਆ ਕਾਰਨਾਂ ਦਾ ਬਹਾਨਾ ਬਣਾ ਕੇ ਸੰਗਤਾਂ ਨੂੰ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਤੋਂ ਰੋਕਣਾ ਬਹੁਤ ਮੰਦਭਾਗਾ ਫ਼ੈਸਲਾ ਹੈ। ਦੀਵਾਨ ਅਹੁਦੇਦਾਰਾਂ ਨੇ ਦਿੱਲੀ ਸਰਹੱਦਾਂ ਤੇ ਹੱਕੀ ਕਿਸਾਨੀ ਅੰਦੋਲਨ ਦੀ ਅਗਵਾਈ ਕਰ ਰਹੀ ਸਿੱਖ ਕੌਮ ਨਾਲ ਰੰਜਿਸ਼ ਬਦਲੇ ਸਰਕਾਰ ਵਲੋਂ ਅਪਣਾਏ ਗਏ ਅਜਿਹੇ ਪੱਖਪਾਤੀ ਵਤੀਰੇ ਨੂੰ ਨਿੰਦਣਯੋਗ ਕਰਾਰ ਦਿਤਾ।
ਕੈਪਸ਼ਨ— ਏ ਐਸ ਆਰ ਬਹੋੜੂ— 19—1 — ਪ੍ਰਧਾਨ ਨਿਰਮਲ ਸਿੰਘ।