
ਪੰਜਾਬ ’ਚ ਹੁਣ ਡਿਜੀਟਲ ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ. ਵੀ ਮੰਨੇ ਜਾਣਗੇ ਜਾਇਜ਼
ਚੰਡੀਗੜ੍ਹ, 19 ਫ਼ਰਵਰੀ (ਸੱਤੀ): ਸੂਬੇ ਵਿਚ ਹੁਣ ਵਾਹਨ ਮਾਲਕ ਅਪਣੇ ਡਰਾਈਵਿੰਗ ਲਾਇਸੈਂਸ (ਡੀ.ਐਲ.) ਅਤੇ ਰਜਿਸਟ੍ਰੇਸਨ ਸਰਟੀਫ਼ੀਕੇਟ (ਆਰ.ਸੀ.) ਦੀਆਂ ਡਿਜੀਟਲ ਕਾਪੀਆਂ ਅਪਣੇ ਕੋਲ ਰੱਖ ਸਕਦੇ ਹਨ ਕਿਉਂਕਿ ਪੰਜਾਬ ਟਰਾਂਸਪੋਰਟ ਵਿਭਾਗ ਨੇ ਡੀ.ਐਲ. ਅਤੇ ਆਰ.ਸੀ. ਦੇ ਇਲੈਕਟ੍ਰਾਨਿਕ ਫ਼ਾਰਮੈਟ ਨੂੰ ਮਨਜ਼ੂਰੀ ਦੇ ਦਿਤੀ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਸਿਆ ਕਿ ਜੇਕਰ ਟ੍ਰੈਫ਼ਿਕ ਪੁਲਿਸ ਅਤੇ ਆਰਟੀਓਜ਼ ਚੈਕਿੰਗ ਦੌਰਾਨ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸਨ ਸਰਟੀਫ਼ੀਕੇਟ ਦੀ ਮੰਗ ਕਰਦੇ ਹਨ ਤਾਂ ਮੋਬਾਈਲ ਐਪਸ-ਐਮਪਰਿਵਾਹਨ ਅਤੇ ਡਿਜੀਲਾਕਰ ਜ਼ਰੀਏ ਡਾਊਨਲੋਡ ਕਰ ਕੇ ਇਹ ਦਸਤਾਵੇਜ ਦਿਖਾਏ ਜਾ ਸਕਦੇ ਹਨ। ਇਸ ਨਾਲ ਵਾਹਨ ਮਾਲਕਾਂ ਨੂੰ ਦਸਤੀ ਰੂਪ ਵਿਚ ਇਹ ਦਸਤਾਵੇਜ਼ ਜਾਂ ਪਲਾਸਟਿਕ ਕਾਰਡ ਨਾਲ ਰੱਖਣ ਦੀ ਲੋੜ ਨਹੀਂ ਹੋਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਟਰਾਂਸਪੋਰਟ ਕਮਿਸ਼ਨਰ ਵਲੋਂ ਪੰਜਾਬ ਰਾਜ ਖੇਤਰੀ ਟਰਾਂਸਪੋਰਟ ਅਥਾਰਟੀਆਂ ਦੇ ਸਮੂਹ ਸਕੱਤਰਾਂ/ਐਸਡੀਐਮਜ਼ ਅਤੇ ਏਡੀਜੀਪੀ ਟ੍ਰੈਫ਼ਿਕ ਨੂੰ ਪੁਲਿਸ ਵਿਭਾਗ ਦੇ ਚੈਕਿੰਗ ਸਟਾਫ਼ ਨੂੰ ਜਾਗਰੂਕ ਕਰਨ ਲਈ ਇਸ ਸਬੰਧੀ ਇਕ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਟ੍ਰੈਫ਼ਿਕ ਪੁਲਿਸ ਵਲੋਂ ਮੌਕੇ ਉਤੇ ਵੈਰੀਫ਼ਿਕੇਸਨ ਦੌਰਾਨ ਸਮਾਰਟਫ਼ੋਨਜ ਵਿਚ “ਵਰਚੁਅਲ” ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸਨ ਸਰਟੀਫ਼ੀਕੇਟ ਨੂੰ ਵੈਧ ਮੰਨਿਆ ਜਾਵੇ। ਰਜ਼ੀਆ ਸੁਲਤਾਨਾ ਨੇ ਹਦਾਇਤ ਕੀਤੀ ਕਿ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ‘ਵਰਚੁਅਲ’ ਡੀਐਲ ਅਤੇ ਆਰਸੀ ਦੀ ਮਨਜ਼ੂਰੀ ਸਬੰਧੀ ਜਾਣਕਾਰੀ ਸੂਬੇ ਦੇ ਟਰਾਂਸਪੋਰਟ ਦਫ਼ਤਰਾਂ ਦੇ ਨੋਟਿਸ ਬੋਰਡਾਂ ਉਤੇ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਡਿਜੀਟਲ ਪੰਜਾਬ ਮੁਹਿੰਮ ਨੂੰ ਅਮਲ ਵਿਚ ਲਿਆਉਣ ਦੇ ਨਾਲ ਹੀ ਇਹ ਪ੍ਰਣਾਲੀ ਭਿ੍ਰਸ਼ਟਾਚਾਰ ਨੂੰ ਵੀ ਖ਼ਤਮ ਕਰੇਗੀ ਅਤੇ ਡੀ.ਐਲ. ਅਤੇ ਆਰ.ਸੀ. ਦੀ ਹਾਰਡ ਕਾਪੀ ਉਪਲਬਧ ਨਾ ਹੋਣ ਦੀ ਸੂਰਤ ਵਿਚ ਲੋਕਾਂ ਨੂੰ ਭਾਰੀ ਜੁਰਮਾਨਿਆਂ ਤੋਂ ਬਚਣ ਵਿਚ ਸਹਾਇਕ ਹੋਵੇਗੀ।