
ਮੋਰਚੇ ਦੀ ਸਫ਼ਲਤਾ ਇਸ ਨੂੰ ਸਿਰਫ਼ 'ਕਿਸਾਨੀ ਅੰਦੋਲਨ' ਰਹਿਣ ਦੇਣ ਵਿਚ ਹੀ ਹੈ : ਯੋਗੇਂਦਰ ਯਾਦਵ
ਇਹ ਸੰਘਰਸ਼ ਕੇਵਲ ਕਿਸਾਨ ਹੱਕ ਦਿਵਾਉਣ ਲਈ ਹੈ
ਰਾਜਸਥਾਨ, 19 ਫ਼ਰਵਰੀ (ਲਾਕੇਸ਼ ਤਿ੍ਖਾ) : ਰਾਜਸਥਾਨ ਦੇ ਰਾਏਸਿੰਘ ਨਗਰ ਵਿਖੇ ਹੋਈ ਮਹਾਂਪੰਚਾਇਤ ਵਿਚ ਪਹੁੰਚ ਕਿਸਾਨ ਆਗੂ ਯੋਗਿੰਦਰ ਯਾਦਵ ਨੇ ਕਿਹਾ ਕਿ ਰਾਜਸਥਾਨ ਸੰਯੁਕਤ ਕਿਸਾਨ ਮੋਰਚਾ ਦੀ ਹੋਈ ਪਹਿਲੀ ਅਫ਼ੀਸ਼ੀਅਲ ਮਹਾਂਪੰਚਾਇਤ ਨੇ ਦੋ-ਤਿੰਨ ਚੀਜ਼ਾਂ ਸਾਬਤ ਕਰ ਦਿਤੀਆਂ ਹਨ | ਪਹਿਲਾ ਇਹ ਕਿ ਇਸ ਅੰਦੋਲਨ ਨੂੰ ਸਰਕਾਰ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੇਗੀ, ਇਹ ਉਨਾਂ ਹੀ ਫ਼ੈਲੇਗਾ | ਦੂਜਾ ਇਸ ਅੰਦੋਲਨ ਦੀ ਸ਼ੁਰੂਆਤ ਭਾਵੇਂ ਪੰਜਾਬ ਨੇ ਕੀਤੀ, ਦੂਜਾ ਸਾਥੀ ਹਰਿਆਣਾ ਬਣਿਆ ਅਤੇ ਹੁਣ ਇਹ ਰਾਜਸਥਾਨ ਵੀ ਨਾਲ ਰਲ ਗਿਆ ਹੈ | ਜੇਕਰ ਰਾਜਸਥਾਨ ਵਿਚ ਇਹ ਜ਼ੋਰ ਫੜ ਗਿਆ ਤਾਂ ਸਰਕਾਰ ਲਈ ਇਸ ਨੂੰ ਸਾਭਣਾ ਮੁਸ਼ਕਲ ਹੋ ਜਾਵੇਗਾ |
ਮੁਜੱਫ਼ਰਪੁਰ ਵਿਚ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁੰਨਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਦੇਸ਼ ਨੂੰ ਜਿੰਨਾ ਵੀ ਤੋੜਣ ਦੀ ਕੋਸ਼ਿਸ਼ ਕਰਨਗੇ, ਅਸੀ ਜੋੜਣ ਲਈ ਅੱਗੇ ਆਵਾਂਗੇ | ਉਨ੍ਹਾਂ ਕਿਹਾ ਕਿ ਇਹ ਜਿੰਨਾ ਪੰਜਾਬ-ਗ਼ੈਰ ਪੰਜਾਬੀ, ਹਰਿਆਣਾ-ਗ਼ੈਰ ਹਰਿਆਣਾ, ਜੱਟ-ਗ਼ੈਰ ਜੱਟ ਕਰਨਗੇ, ਕਿਸਾਨ ਉਨਾਂ ਹੀ ਸਭ ਨੂੰ ਜੋੜਣ ਦਾ ਕੰਮ ਕਰਨਗੇ | ਕਿਸਾਨ ਇਨ੍ਹਾਂ ਦੀ ਦੇਸ਼ ਨੂੰ ਤੋੜਣ ਦੀ ਹਰ ਚਾਲ ਨੂੰ ਅਸਫ਼ਲ ਬਣਾ ਕੇ ਦਮ ਲੈਣਗੇ | ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਇਸ ਨੂੰ ਸਿਰਫ਼ ਕਿਸਾਨੀ ਅੰਦੋਲਨ ਹੀ ਰਹਿਣ ਦੇਣਾ ਚਾਹੀਦਾ ਹੈ |
ਅੰਦੋਲਨ ਨੂੰ ਖ਼ੁਦ ਦੀ ਦੇਣ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਅੰਦੋਲਨ ਨੂੰ ਪੰਜਾਬ ਦੀ ਦੇਣ ਦਾ ਮੁਕਾਬਲਾ ਨਹੀਂ ਕਰ ਸਕਦੇ | ਪਰ ਫਿਰ ਵੀ ਉਹ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਇਕਜੁਟਤਾ ਲਈ ਜਿੰਨਾ ਕਰ ਸਕਦੇ ਸੀ ਕਰ ਰਹੇ ਹਨ ਅਤੇ ਕਰਦੇ ਰਹਿਣਗੇ | ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੀ ਨੌਜਵਾਨਾਂ ਨੂੰ ਅੰਦੋਲਨ ਨਾਲ ਜੋੜਣ ਵਿਚ ਨਿਭਾਈ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਪਹਿਲੇ ਦਿਨ ਤੋਂ ਹੀ ਤੈਅ ਕੀਤਾ ਸੀ ਕਿ ਅਸੀ ਇਧਰ-ਉਧਰ ਦੇ ਮੁੱਦਿਆਂ ਵਿਚ ਨਹੀਂ ਉਲਝਣਾ | ਕਿਸਾਨ ਆਗੂ ਰਾਜੇਵਾਲ ਨੇ ਮੰਚ ਤੋਂ ਐਲਾਨ ਕੀਤਾ ਸੀ ਕਿ ਜਿਸ ਨੇ ਖ਼ਾਲਿਸਤਾਨ ਬਣਾਉਣਾ ਹੈ, ਉਹ ਅਲੱਗ ਜਾ ਕੇ ਬਣਵਾ ਸਕਦੇ ਹਨ, ਪਰ ਇਹ ਅੰਦੋਲਨ ਇਸ ਕੰਮ ਲਈ ਨਹੀਂ ਹੈ |
ਇਹ ਅੰਦੋਲਨ ਸਿਰਫ਼ ਕਿਸਾਨੀ ਨੂੰ ਉਸ ਦੇ ਹੱਕ ਦਿਵਾਉਣ ਲਈ ਹੈ, ਜੋ ਇਸ ਅੰਦੋਲਨ ਨੂੰ ਸੱਜੇ-ਖੱਬੇ ਲਿਜਾਣ ਦਾ ਕੋਸ਼ਿਸ਼ ਕਰੇਗਾ, ਉਹ ਅੰਦੋਲਨ ਦਾ ਸਾਥੀ ਨਹੀਂ ਹੋ ਸਕਦਾ | ਇਸ ਲਈ ਜੋਸ਼ ਚੰਗੀ ਗੱਲ ਹੈ, ਪਰ ਜੇਕਰ ਜੋਸ਼ ਦੇ ਨਾਲ ਹੋਸ਼ ਨਹੀਂ ਤਾਂ ਇਹ ਅੰਦੋਲਨ ਲਈ ਹਾਨੀਕਾਰਕ ਹੋ ਸਕਦਾ ਹੈ | ਇਸ ਲਈ ਅਸੀ ਅੱਜ ਵੀ ਕਹਿੰਦੇ ਹਾਂ ਕਿ ਲਾਲ ਕਿਲ੍ਹੇ 'ਤੇ ਜੋ ਕੁੱਝ ਵੀ ਹੋਇਆ, ਬਹੁਤ ਗਲਤ ਹੋਇਆ ਹੈ | ਅਸੀ ਇਸ ਦੀ ਨੈਤਿਕ ਜ਼ਿੰਮੇਵਾਰੀ ਲਈ ਹੈ,ਪਰ ਦਿੱਲੀ ਪੁਲਿਸ ਨੂੰ ਇਸ ਦੀ ਪ੍ਰਸ਼ਾਸ਼ਕੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ | ਜਿਨ੍ਹਾਂ ਨੇ ਇਸ ਸੱਭ ਨੂੰ ਅੱਖੀਂ ਵੇਖਿਆ ਅਤੇ ਸੱਭ ਕੁੱਝ ਹੋਣ ਦਿਤਾ, ਉਨ੍ਹਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ |