
ਅਕਾਲੀਆਂ ਨੇ 10 ਸਾਲਾਂ 'ਚ ਘਰ-ਘਰ ਚਿੱਟਾ ਵਾੜ੍ਹ ਦਿੱਤਾ ਸੀ, ਕੀ ਇਨ੍ਹਾਂ ਨੂੰ ਜਿਤਾ ਕੇ ਦੁਬਾਰਾ ਮਾਵਾਂ ਦੇ ਪੁੱਤ ਮਰਵਾਉਣੇ ਨੇ? : Ravneet Singh Bittu
ਚੰਡੀਗੜ੍ਹ : ਅੱਜ ਸੂਬੇ ਵਿਚ ਵਿਧਾਨ ਸਭਾ ਲਈ ਵੋਟਿੰਗ ਹੋ ਰਹੀ ਹੈ ਅਤੇ ਵੱਡੇ ਸਿਆਸੀ ਦਿੱਗਜ਼ਾਂ ਸਮੇਤ ਪੰਜਾਬ ਦੀ ਜਨਤਾ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਇਸ ਤਰ੍ਹਾਂ ਹੀ ਕਾਂਗਰਸ ਦੇ ਐਮ ਪੀ ਰਵਨੀਤ ਬਿੱਟੂ ਨੇ ਵੀ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਅਤੇ ਪਾਰਟੀ ਦੀ ਜਿੱਤ ਦੀ ਗੱਲ ਕਰਦਿਆਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨੇ ਵੀ ਸਾਧੇ।
ਬਿੱਟੂ ਨੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾਕਿਸਤਾਨ ਵਾਲੇ ਪੰਜਾਬ ਤੋਂ ਹੀ ਮਿਲ ਸਕਦੀਆਂ ਹਨ ਪਰ ਇਧਰ ਵਾਲੇ ਪੰਜਾਬ ਤੋਂ ਤਾਂ ਨਹੀਂ ਮਿਲਣਗੀਆਂ ਕਿਉਂਕਿ ਪੰਜਾਬ ਦੀ ਜਨਤਾ ਜਾਂਦੀ ਹੈ ਕਿ ਇਨ੍ਹਾਂ ਨੇ ਪੰਜਾਬ ਦਾ ਕੀ ਹਸ਼ਰ ਕੀਤਾ ਹੈ। ਲੋਕ ਜਾਣਦੇ ਹਨ ਕਿ ਇਨ੍ਹਾਂ ਨੇ ਪੰਜਾਬ ਨੂੰ ਕਿਸ ਤਰੀਕੇ ਨਾਲ ਰੋਲਿਆ ਹੈ।
ravneet Bittu
ਬਿੱਟੂ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਦੇ ਹਰ ਘਰ ਵਿਚ ਚਿੱਟਾ ਵਾੜ ਦਿਤਾ ਹੈ ਇਸ ਲਈ ਪੰਜਾਬ ਦੀਆਂ ਮਾਵਾਂ ਹੁਣ ਮੁੜ ਇਨ੍ਹਾਂ ਨੂੰ ਚੁਣ ਕੇ ਆਪਣੇ ਪੁੱਤਰ ਨਹੀਂ ਮਰਵਾਉਣੇ ਚਾਹੁੰਦੀਆਂ। ਰਵਨੀਤ ਬਿੱਟੂ ਨੇ ਕਿਹਾ ਕਿ ਇਹ ਜਲਾਲਾਬਾਦ ਅਤੇ ਲੰਬੀ ਤੋਂ ਹਾਰ ਰਹੇ ਹਨ ਅਤੇ ਮਜੀਠੀਆ ਤਾਂ ਆਪਣੇ ਹਲਕੇ ਤੋਂ ਤੀਜੇ ਨੰਬਰ 'ਤੇ ਹੈ। ਇਹ ਹਵਾ ਵਿਚ ਹੀ ਗੱਲਾਂ ਕਰਦੇ ਹਨ ਪਰ ਸੱਚ ਤਾਂ ਇਹ ਹੈ ਕਿ ਜਿਸ ਭਾਜਪਾ ਦੇ ਸਿਰ 'ਤੇ ਇਹ ਪਹਿਲਾਂ 20-30 ਸੀਟਾਂ ਕੱਢ ਜਾਣਦੇ ਸਨ ਹੁਣ ਉਹ ਵੀ ਅੱਡ ਹੋ ਗਈ ਹੈ ਅਤੇ ਇਹ ਪਹਿਲੀ ਵਾਰ ਇੱਕਲੇ ਲੜ ਰਹੇ ਹਨ। ਬਿੱਟੂ ਨੇ ਕਿਹਾ ਕਿ ਇੱਕ ਅਤੇ ਇੱਕ ਗਿਆਰਾਂ ਹੁੰਦੇ ਹਨ ਪਰ ਹੁਣ ਇਹ ਵੱਖਰੇ ਹੋ ਗਏ ਹਨ।
Bhagwant Mann
ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ 'ਆਪ' ਬਦਲ ਦੀ ਗੱਲ ਕਰਦੀ ਹੈ ਪਰ ਅੱਜ ਜਿਵੇਂ ਸਾਰੇ ਉਮੀਦਵਾਰ ਗੁਰੂ ਘਰ ਜਾ ਕੇ ਨਤਮਸਤਕ ਹੋਏ ਸਨ ਉਵੇਂ ਹੀ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਅਤੇ ਪੰਜਾਬ ਤੋਂ ਪਾਰਟੀ ਸੁਪ੍ਰੀਮੋ ਭਗਵੰਤ ਮਾਨ ਵੀ ਗਏ ਪਰ ਉਨ੍ਹਾਂ ਦੇ ਨਾਲ ਨਾਂ ਤਾਂ ਕੋਈ ਪਾਰਟੀ ਵਰਕਰ ਸੀ ਤੇ ਨਾ ਹੀ ਕੋਈ ਆਮ ਆਦਮੀ।
AAP
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਇਲੈਕਸ਼ਨ ਕਮਿਸ਼ਨ ਦੀਆਂ ਰਿਪੋਰਟਾਂ ਅਨੁਸਾਰ ਬਾਦਲਾਂ ਨਾਲੋਂ ਵੀ ਕਈ ਗੁਣਾ ਅਮੀਰ ਹਨ, ਉਨ੍ਹਾਂ ਨੇ ਮੁਹਾਲੀ ਵਿਚ ਕਈ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਹਨ ਅਤੇ ਖੁਦ ਵੱਡੇ ਵੱਡੇ ਕਈ ਮੰਜ਼ਿਲ ਘਰ ਬਣਾਏ ਹਨ। ਉਨ੍ਹਾਂ ਕਿਹਾ ਕਿ ਅੱਜ ਕੋਈ ਹੋਰ ਨਹੀਂ ਸਗੋਂ ਭਗਵੰਤ ਮਾਨ ਅਤੇ ਕੁਲਵੰਤ ਸਿੰਘ ਦੀ ਇਕੱਠਿਆਂ ਤਸਵੀਰ ਸੀ।
ravneet Bittu
ਬਿੱਟੂ ਨੇ ਕਿਹਾ ਕਿ ਜੇਕਰ 'ਆਪ' ਦੀ ਸਰਕਾਰ ਆਈ ਤਾਂ ਮੁਹਾਲੀ ਦੀ ਤਰ੍ਹਾਂ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਵਿਚ ਵੀ ਇਸੇ ਤਰ੍ਹਾਂ ਲੁੱਟ ਮਚਾਉਂਗੇ। ਕੁਲਵੰਤ ਸਿੰਘ ਨੇ ਪੱਗ ਜ਼ਰੂਰ ਚਿੱਟੀ ਬੰਨ੍ਹੀ ਹੋਈ ਸੀ ਪਰ ਉਹ ਚਿੱਕੜ ਨਾਲ ਲਿਬੜਿਆ ਹੋਇਆ ਆਦਮੀ ਹੈ। ਇਸ ਲਈ ਜੇਕਰ ਇਨ੍ਹਾਂ ਦੀ ਸਰਕਾਰ ਆਈ ਤਾਂ ਲੋਕਾਂ ਨੂੰ ਘਰ ਬਣਾਉਣ ਲਈ ਵੀ ਜਗ੍ਹਾ ਨਹੀਂ ਮਿਲੇਗੀ।
ਰਵਨੀਤ ਬਿੱਟੂ ਨੇ ਲੁਧਿਆਣਾ ਦੇ ਹਲਕਾ ਆਤਮ ਨਗਰ ਦੀ ਗੱਲ ਕਰਦਿਆਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਇਹ ਧਿਆਨ ਵਿਚ ਰੱਖਣ ਕਿ ਆਤਮ ਨਗਰ ਤੋਂ ਦੋ ਵਾਰ ਬੈਂਸ ਭਰਾਵਾਂ ਨੂੰ ਜਿਤਾ ਕੇ ਕੀ ਕੰਮ ਹੋਏ ਹਨ ਅਤੇ ਕਮਲਜੀਤ ਸਿੰਘ ਕੜਵਲ ਬਿਨ੍ਹਾ ਐਮ.ਐਲ.ਏ. ਹੁੰਦੇ ਹੋਏ ਵੀ ਕਿੰਨੇ ਕੰਮ ਕਰ ਗਏ ਹਨ।
Simarjit Singh Bains
ਬਿੱਟੂ ਨੇ ਉਧਾਹਰਣ ਦਿੰਦਿਆਂ ਕਿਹਾ ਕਿ ਜੇਕਰ ਕੋਈ ਸ਼ਰਾਬ ਪੀ ਕੇ ਗੱਡੀ ਚਲਾਵੇ ਤਾਂ ਉਸ ਦਾ ਹਾਦਸਾ ਵੀ ਉਨ੍ਹਾਂ ਹੀ ਵੱਡਾ ਹੁੰਦਾ ਹੈ, ਖੁਦ ਤਾਂ ਨੁਕਸਾਨ ਝੱਲਦਾ ਹੀ ਹੈ ਪ੍ਰਵਾਰ ਦਾ ਵੀ ਨੁਕਸਾਨ ਕਰਦਾ ਹੈ। ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਦਾ ਤਾਂ ਪੁਲਿਸ ਵੀ ਹਵਾ ਮਰਵਾ ਕੇ ਦੇਖਦੀ ਹੈ ਅਤੇ ਚਲਾਨ ਕਰਦੀ ਹੈ, ਲੋਕ ਵੀ ਇਨ੍ਹਾਂ ਦੇ ਸਾਰੇ ਉਮੀਦਵਾਰਾਂ ਤੋਂ ਹਵਾ ਮਰਵਾ ਕੇ ਦੇਖਣ ਅਤੇ ਫਿਰ ਫੈਸਲਾ ਕਰਨ। ਉਨ੍ਹਾਂ ਕਿਹਾ ਕਿ ਰੱਬ ਨਾ ਕਰੇ ਜੇਕਰ ਆਮ ਆਦਮੀ ਪਾਰਟੀ ਜਿੱਤ ਗਈ ਤਾਂ ਇਹ ਸ਼ਰਾਬੀਆਂ ਦਾ ਟੋਲਾ ਪੂਰੇ ਪੰਜਾਬ ਨੂੰ ਸਮੁੰਦਰ ਵਿਚ ਸੁੱਟ ਲਾਊਗਾ। ਇਸ ਲਈ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਨੂੰ ਬਚਾ ਲਓ।