
ਕਿਹਾ- ਵਰਕਰਾਂ ਨੂੰ ਆ ਰਹੇ ਧਮਕੀਆਂ ਭਰੇ ਫੋਨ
ਮੋਗਾ: ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਅਤੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਕਿ ਮੋਗਾ ਦੇ ਹੋਰ ਉਮੀਦਵਾਰ 'ਵੋਟਾਂ ਖਰੀਦ ਰਹੇ ਹਨ'। ਉਹਨਾਂ ਨੇ ਚੋਣ ਕਮਿਸ਼ਨ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਵਰਕਰਾਂ ਨੂੰ ਧਮਕੀਆਂ ਭਰੇ ਫੋਨ ਆਏ ਹਨ ਜੋ ਕਿ ਅਕਾਲੀ ਦਲ ਦੇ ਆਗੂਆਂ ਵਲੋਂ ਕੀਤੇ ਜਾ ਰਹੇ ਹਨ। ਇਸ ਦੀ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਗਈ ਹੈ। ਸੋਨੂੰ ਸੂਦ ਨੇ ਦੱਸਿਆ ਕਿ ਪੁਲਿਸ ਕਾਰਵਾਈ ਕਰ ਰਹੀ ਹੈ।
ਅਕਾਲੀ ਦਲ ਨੇ ਕੀਤੀ ਸੋਨੂੰ ਸੂਦ ਦੀ ਸ਼ਿਕਾਇਤ
ਦਰਅਸਲ ਵਿਧਾਨ ਸਭਾ ਮੋਗਾ ਤੋਂ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਅਤੇ ਮਸ਼ਹੂਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਨੇ ਸੋਨੂੰ ਸੂਦ ’ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਇਲਜ਼ਾਮ ਲਗਾਏ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਸੋਨੂੰ ਸੂਦ ਦੀ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਸੋਨੂ ਸੂਦ ਨੇ ਕਿਹਾ ਕਿ ਪਾਰਕਿੰਗ ਦੀ ਸਮੱਸਿਆ ਹੋਣ ਕਰਕੇ ਗੱਡੀ ਸਾਈਡ ’ਤੇ ਖੜ੍ਹੀ ਕੀਤੀ ਗਈ ਸੀ।
ਸੋਨੂ ਸੂਦ ਨੂੰ ਘਰ ਅੰਦਰ ਰਹਿਣ ਦੀ ਹਦਾਇਤ
ਮੋਗਾ ਹਲਕੇ ਤੋਂ ਚੋਣ ਅਧਿਕਾਰੀ ਤੇ ਐੱਸਡੀਐੱਮ ਸਤਵੰਤ ਸਿੰਘ ਨੇ ਕਿਹਾ ਕਿ ਸੋਨੂ ਸੂਦ ਨੂੰ ਘਰ ਅੰਦਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਉਹਨਾਂ ’ਤੇ ਨਿਗਰਾਨੀ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਡੀਐੱਸਪੀ ਸਿਟੀ ਜਸ਼ਨਦੀਪ ਗਿੱਲ ਨੇ ਚੋਣ ਅਜਬਜ਼ਰਵਰ ਦੀ ਹਦਾਇਤ ’ਤੇ ਗੱਡੀ ਕਬਜ਼ੇ ’ਚ ਲੈਣ ਦੀ ਪੁਸ਼ਟੀ ਕੀਤੀ ਹੈ। ਸੋਨੂੰ ਸੂਦ ਦਾ ਕਹਿਣਾ ਹੈ ਕਿ ਉਹਨਾਂ ਦੇ ਵਰਕਰਾਂ ਨੂੰ ਧਮਕੀਆਂ ਭਰੇ ਫੋਨ ਆ ਰਹੇ ਸਨ, ਇਸ ਲਈ ਉਹ ਬੂਥ ’ਤੇ ਗਏ ਸੀ।