
ਸਿੱਖਜ਼ ਫ਼ਾਰ ਜਸਟਿਸ ਵਲੋਂ 'ਆਪ' ਦੀ ਹਮਾਇਤ ਖ਼ਤਰਨਾਕ : ਕੈਪਟਨ
ਪਟਿਆਲਾ, 19 ਫ਼ਰਵਰੀ (ਦਲਜਿੰਦਰ ਸਿੰਘ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਗੁਰਪਤਵੰਤ ਸਿੰਘ ਪੰਨੂੰ ਦੀ ਅਗਵਾਈ ਵਾਲੀ ਸਿੱਖਜ਼ ਫ਼ਾਰ ਜਸਟਿਸ ਵਲੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਖੁਲ੍ਹਾ ਸਮਰਥਨ ਦੇਣਾ ਪੰਜਾਬ ਲਈ ਖ਼ਤਰਾ ਹੈ | ਉਨ੍ਹਾਂ ਚੇਤਾਵਨੀ ਦਿਤੀ ਕਿ ਇਹ ਕਾਲੇ ਦਿਨਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਵਿਚੋਂ ਪੰਜਾਬ ਨੂੰ ਤਿੰਨ ਦਹਾਕਿਆਂ ਵਿੱਚ ਗੁਜਰਨਾ ਪਿਆ ਅਤੇ ਇਨ੍ਹਾਂ ਨੂੰ ਮੁੜ ਤੋਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਪੰਨੂੰ ਅਤੇ ਕੇਜਰੀਵਾਲ ਦੇ ਸਬੰਧਾਂ ਦੀ ਉੱਚ ਪਧਰੀ ਜਾਂਚ ਕਰਵਾ ਕੇ ਕਿਸੇ ਸਿੱਟੇ 'ਤੇ ਪਹੁੰਚਾਉਣ ਦੀ ਮੰਗ ਕੀਤੀ ਹੈ |
ਇਥੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਨੇ ਹਮੇਸ਼ਾ ਲੋਕਾਂ ਨੂੰ ਵੰਡਣ ਅਤੇ ਨੁਕਸਾਨ ਪਹੁੰਚਾਉਣ ਵਾਲੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਐਸ. ਐਫ. ਜੇ. ਦਾ ਸਮਰਥਨ ਇਸਦਾ ਸਬੂਤ ਹੈ | ਸਾਬਕਾ ਮੁੱਖ ਮੰਤਰੀ ਨੇ ਪ੍ਰਗਟਾਵਾ ਕੀਤਾ ਕਿ 2017 ਦੀਆਂ ਚੋਣਾਂ ਦੌਰਾਨ ਵੀ ਕੇਜਰੀਵਾਲ ਨੇ ਖਾਲਿਸਤਾਨੀ ਸਮਰਥਕ ਦੇ ਘਰ ਰਹਿ ਕੇ ਅਜਿਹਾ ਹੀ ਕੀਤਾ ਸੀ |
ਜਦੋਂ ਕਿ ਐਸ.ਐਫ.ਜੇ. ਆਗੂ ਪੰਨੂੰ ਵਲੋਂ 'ਆਪ' ਅਤੇ ਕੇਜਰੀਵਾਲ ਦੇ ਸਮਰਥਨ 'ਚ ਕੋਈ ਪੱਤਰ ਲਿਖਣ ਤੋਂ ਇਨਕਾਰ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਸ ਤੋਂ ਇਕ ਵਾਰ ਫਿਰ ਤੋਂ ਸਾਬਤ ਹੁੰਦਾ ਹੈ ਕਿ ਦੋਵੇਂ (ਪੰਨੂੰ ਅਤੇ ਕੇਜਰੀਵਾਲ) ਰਲੇ-ਮਿਲੇ ਹਨ ਅਤੇ ਪੰਨੂੰ ਇਨ੍ਹਾਂ (ਕੇਜਰੀਵਾਲ) ਦੀਆਂ ਲੋੜਾਂ ਮੁਤਾਬਕ ਬਿਆਨ ਜਾਰੀ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਨੂੰ ਉਸੇ ਤਰ੍ਹਾਂ ਬਿਆਨ ਜਾਰੀ ਕਰਦਾ ਹੈ, ਜੋ ਕੇਜਰੀਵਾਲ ਨੂੰ ਢੁਕਦਾ ਹੈ | ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਸੱਚਮੁੱਚ ਐਸ.ਐਫ਼.ਜੇ. ਦੀ ਹਮਾਇਤ ਨਹੀਂ ਮੰਗਦੇ ਜਾਂ ਦੇਣ ਨਹੀਂ ਤਾਂ ਘੱਟੋ-ਘੱਟ ਐਸ.ਐਫ.ਜੇ. ਅਤੇ ਪੰਨੂੰ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ 'ਤੇ ਅਪਣਾ ਸਟੈਂਡ ਸਪਸ਼ਟ ਕਰਨ | ਉਨ੍ਹਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਕੀ ਤੁਹਾਡੇ ਅੰਡਰ ਖਾਲਿਸਤਾਨ ਵਿਰੋਧੀ ਅਤੇ ਪੰਨੂੰ ਦੀਆਂ ਗਤੀਵਿਧੀਆਂ ਨੂੰ ਖਾਰਿਜ ਕਰਨ ਦੀ ਹਿੰਮਤ ਹੈ |
ਫੋਟੋ ਨੰ 19ਪੀਏਟੀ. 15