
ਹੁਣ ਤਕ ਇਕੱਲੇ ਬਾਦਲ ਹੀ ਜਿੱਤ ਸਕੇ ਹਨ ਦੋ ਹਲਕੇ
ਕੋਟਕਪੂਰਾ, 19 ਫ਼ਰਵਰੀ (ਗੁਰਿੰਦਰ ਸਿੰਘ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਸ ਵਾਰ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਜਾ ਰਹੀ ਹੈ | ਪਹਿਲਾਂ ਵੀ ਕੱੁਝ ਆਗੂਆਂ ਨੇ ਦੋ-ਦੋ ਹਲਕਿਆਂ ਤੋਂ ਚੋਣਾਂ ਲੜੀਆਂ ਹਨ | ਆਮ ਤੌਰ 'ਤੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹੀ ਦੋ ਹਲਕਿਆਂ ਤੋਂ ਚੋਣਾਂ ਲੜਦੇ ਰਹੇ ਹਨ | ਹੁਣ ਤਕ ਇਕੋ ਵੇਲੇ ਦੋ ਹਲਕਿਆਂ ਤੋਂ ਵਿਧਾਇਕ ਬਣਨ ਦਾ ਮਾਣ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਨਸੀਬ ਹੋਇਆ ਹੈ | ਕੈਪਟਨ ਅਮਰਿੰਦਰ ਸਿੰਘ ਦੋ ਵਾਰ ਦੋ ਹਲਕਿਆਂ ਤੋਂ ਲੜ ਚੁੱਕੇ ਹਨ ਪਰ ਜਿੱਤ ਇਕ-ਇਕ ਹਲਕੇ ਤੋਂ ਹੀ ਹਾਸਲ ਕਰ ਸਕੇ |
ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਦੇ ਨਾਲ-ਨਾਲ ਚਰਨਜੀਤ ਸਿੰਘ ਚੰਨੀ ਨੂੰ ਦੋ ਹਲਕਿਆਂ ਤੋਂ ਮੈਦਾਨ 'ਚ ਉਤਾਰਨ ਦੀ ਕਾਰਵਾਈ ਨੇ ਨਵੀਂ ਚਰਚਾ ਛੇੜੀ ਦਿਤੀ | ਰਾਜਸੀ ਹਲਕੇ ਜਿਥੇ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਬਣਾਏ ਜਾਣ ਦੇ ਅੰਦਾਜ਼ੇ ਲਾ ਰਹੇ ਹਨ, ੳੁੱਥੇ ਹੀ ਇਸ ਨੂੰ ਕਾਂਗਰਸ ਦੀ ਦਲਿਤ ਪੱਤਾ ਖੇਡਣ ਦੀ ਚਾਲ ਵਜੋਂ ਵੀ ਦੇਖਿਆ ਜਾ ਰਿਹਾ ਹੈ | ਪ੍ਰਕਾਸ਼ ਸਿੰਘ ਬਾਦਲ ਨੇ 1997 'ਚ ਲੰਬੀ ਅਤੇ ਕਿਲ੍ਹਾ ਰਾਏਪੁਰ ਤੋਂ ਚੋਣ ਲੜੀ ਸੀ | ਉਦੋਂ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਸਨ ਤੇ ਦੋਵੇਂ ਹਲਕਿਆਂ ਤੋਂ ਜੇਤੂ ਰਹੇ ਸਨ | ਮੁੱਖ ਮੰਤਰੀ ਪਦ ਦੇ ਦਾਅਵੇਦਾਰ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਦੋ ਵਾਰੀ ਦੋ-ਦੋ ਹਲਕਿਆਂ ਤੋਂ ਚੋਣਾਂ ਲੜ ਚੁੱਕੇ ਹਨ | 1992 'ਚ ਅਪਣੀ ਪਾਰਟੀ ਬਣਾ ਕੇ ਦੋਹਰੀ ਚੋਣ ਲੜਦਿਆਂ ਅਮਰਿੰਦਰ ਸਿੰਘ ਭਾਵੇਂ ਸਮਾਣਾ ਤੋਂ ਤਾਂ ਨਿਰਵਿਰੋਧ ਵਿਧਾਇਕ ਬਣ ਗਏ ਸਨ ਪਰ ਖਰੜ ਤੋਂ ਕਾਂਗਰਸ ਦੇ ਹਰਨੇਕ ਸਿੰਘ ਘੜੂੰਆਂ ਤੋਂ ਹਾਰ ਗਏ ਸਨ | ਸਾਲ 2017 'ਚ ਵੀ ਅਮਰਿੰਦਰ ਸਿੰਘ ਦੋ ਹਲਕਿਆਂ ਤੋਂ ਚੋਣ ਪਿੜ 'ਚ ਉਤਰੇ ਸਨ ਅਤੇ 4 ਫ਼ਰਵਰੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਉਹ ਪਟਿਆਲਾ ਸਮੇਤ ਲੰਬੀ ਤੋਂ ਵੀ ਚੋਣ ਲੜੇ ਸਨ ਪਰ ਵੱਡੇ ਬਾਦਲ ਕੋਲੋਂ 22,770 ਵੋਟਾਂ ਨਾਲ ਹਾਰ ਗਏ ਸਨ |