
'ਪਿਛਲੇ ਤਿੰਨ ਸਾਲ ਤੋਂ ਬੰਦ ਪਏ ਫਾਟਕ ਨੂੰ ਖੋਲ੍ਹਣ ਲਈ ਕਿਸੇ ਵੀ ਸਿਆਸੀ ਧਿਰ ਵੱਲੋਂ ਨਹੀਂ ਕੀਤਾ ਗਿਆ ਕੋਈ ਉਪਰਾਲਾ'
ਗੜ੍ਹਸ਼ੰਕਰ : ਪੰਜਾਬ ਵਿੱਚ ਵੋਟਿੰਗ ਦਾ ਕੰਮ ਜਾਰੀ ਹੈ। ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਉੱਥੇ ਹੀ ਦੱਸ ਦਈਏ ਕਿ ਹਲਕਾ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਤੇ ਰਸੂਲਪੁਰ ਦੇ ਲੋਕਾਂ ਵਲੋਂ ਵਿਧਾਨ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਹੈ।
PHOTO
ਦੱਸ ਦੇਈਏ ਕਿ ਹੁਣ ਤੱਕ ਗੜ੍ਹਸ਼ੰਕਰ ਵਿਚ ਕੁੱਲ 21.60 ਫ਼ੀਸਦੀ ਵੋਟਿੰਗ ਹੋਈ ਹੈ। ਇਸ ਸਬੰਧੀ ਪਿੰਡ ਬਸਿਆਲਾ ਦੇ ਸਰਪੰਚ ਹਰਦੇਵ ਸਿੰਘ ਤੇ ਪਿੰਡ ਦੇ ਹੋਰ ਲੋਕਾਂ ਨੇ ਦੱਸਿਆ ਕਿ ਰੇਲਵੇ ਵਲੋਂ ਬੰਦ ਕੀਤੇ ਫਾਟਕ ਖੋਲ੍ਹਣ ਦੀ ਮੰਗ ਨੂੰ ਲੈ ਕੇ ਦੋਵਾਂ ਪਿੰਡਾਂ ਦੇ ਲੋਕਾਂ ਵਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ।
ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੇਜ ਸਿੰਘ ਬਸਿਆਲਾ ਨੇ ਦੱਸਿਆ ਕਿ ਕਿਸੇ ਵੀ ਸੂਰਤ ਵਿੱਚ ਅੱਜ ਪਿੰਡ ਦਾ ਕੋਈ ਵੀ ਵਿਅਕਤੀ ਪੋਲਿੰਗ ਨਹੀਂ ਕਰੇਗਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਪਿਛਲੇ ਤਿੰਨ ਸਾਲ ਤੋਂ ਬੰਦ ਪਏ ਫਾਟਕ ਨੂੰ ਖੋਲ੍ਹਣ ਲਈ ਕਿਸੇ ਵੀ ਸਿਆਸੀ ਧਿਰ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿੰਡ ਬਸਿਆਲਾ ਦੇ ਲੋਕ ਪਿਛਲੇ ਦਸ ਦਿਨਾਂ ਤੋਂ ਲਗਾਤਾਰ ਧਰਨਾ ਦੇ ਕੇ ਪ੍ਰਸ਼ਾਸਨ ਨੂੰ ਚਿਤਾਵਨੀ ਦੇ ਚੁੱਕੇ ਹਨ ਕਿ ਜੇਕਰ ਉਨ੍ਹਾਂ ਦੇ ਬੰਦ ਪਏ ਫਾਟਕ ਨੂੰ ਨਾ ਖੋਲ੍ਹਿਆ ਗਿਆ ਤਾਂ ਉਹ ਪੋਲਿੰਗ ਦਾ ਬਾਈਕਾਟ ਕਰਨਗੇ। ਪਿੰਡ ਦੇ ਲੋਕਾਂ ਵਲੋਂ ਨਾ ਤਾਂ ਕਿਸੇ ਪਾਰਟੀ ਦਾ ਬੂਥ ਲੱਗਣ ਦਿੱਤਾ ਗਿਆ ਤੇ ਨਾ ਹੀ ਦੋਵਾਂ ਪਿੰਡਾਂ ਦੇ ਲੋਕਾਂ ਵੱਲੋਂ ਵੋਟ ਪਾਈ ਜਾ ਰਹੀ ਹੈ।