
ਇਸ ਵਾਰ ਵੋਟ ਅਪਣੇ ਪੋਤਿਆਂ ਤੇ ਬੱਚਿਆਂ ਦਾ ਮੂੰਹ ਦੇਖ ਕੇ ਪਾਇਉ ਨਾ ਕਿ ਡੇਰਿਆਂ ’ਤੇ ਬੈਠੇ ਬਾਬਿਆਂ ਵਲ : ਭਾਈ ਰਣਜੀਤ ਸਿੰਘ
ਚੰਡੀਗੜ੍ਹ, 19 ਫ਼ਰਵਰੀ (ਸਸਸ): ਐਤਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਵੋਟਾਂ ਤੋਂ ਇਕ ਦਿਨ ਪਹਿਲਾਂ ਭਾਈ ਰਣਜੀਤ ਸਿੰਘ ਢਡਰੀਆਂਵਾਲਿਆਂ ਨੇ ਪੰਜਾਬ ਦੇ ਲੋਕਾਂ ਨੂੰ ਵੋਟਾਂ ਪਾਉਣ ਨੂੰ ਲੈ ਕੇ ਇਕ ਸੁਨੇਹਾ ਦਿਤਾ ਹੈ। ਉਨ੍ਹਾਂ ਕਿਹਾ ਕਿ ਵੋਟ ਪਾਉਣ ਤੋਂ ਪਹਿਲਾਂ ਅਪਣੇ ਬੱਚਿਆਂ ਦਾ ਮੂੰਹ ਵੇਖ ਕੇ ਵੋਟ ਪਾਇਉ ਨਾ ਕਿ ਕਿਸੇ ਬਾਬੇ ਤੇ ਡੇਰੇ ਵਲ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਾਅਦਿਆਂ ਤੇ ਰੈਲੀਆਂ ਦੇ ਦੌਰ ਚਲ ਰਹੇ ਹਨ ਤੇ ਪੰਜਾਬ ਨੂੰ ਕੈਲੀਫ਼ੋਰਨੀਆਂ ਬਣਾਉਣ ਦੀ ਗੱਲ ਹੋ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਇਸ ਵਾਰ ਕੋਈ ਵੀ ਕਿਸੇ ਬਾਬੇ ਜਾਂ ਕਿਸੇ ਹੋਰ ਦੇ ਕਹੇ ਵੋਟ ਨਾ ਪਾਇਉ ਸੋਚ ਸਮਝ ਕੇ ਵੋਟ ਪਾਇਉ ਕਿਉਂਕਿ ਵੋਟ ਤੁਸੀਂ ਪਾਉਣੀ ਹੈ ਤੇ ਕੰਮ ਉਹ ਕਢਵਾ ਕੇ ਲੈ ਜਾਂਦੇ ਨੇ ਜੋ ਤੁਹਾਨੂੰ ਵੋਟ ਪਾਉਣ ਲਈ ਕਹਿੰਦੇ ਹਨ।
ਢਡਰੀਆਂਵਾਲੇ ਨੇ ਕਿਹਾ ਕਿ ਪੰਜਾਬ ਵਿਚ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਚਲ ਰਹੇ ਹਨ। ਇਸ ਲਈ ਵੋਟਾਂ ਵਾਲੇ ਦਿਨ ਕਾਹਲੀ ਨਾਲ ਨਹੀਂ, ਸਗੋਂ ਠੰਢੇ ਦਿਮਾਗ ਨਾਲ ਸੋਚ-ਸਮਝ ਕੇ ਬਟਨ ਨੱਪਣਾ ਹੈ। ਜਿਹੜਾ ਵੀ ਫ਼ੈਸਲਾ ਕਰਨਾ ਹੈ ਕਿਸੇ ਦੇ ਦਬਾਅ ਵਿਚ ਆ ਕੇ ਨਹੀਂ ਕਰਨਾ। ਕਿਸੇ ਸਰਪੰਚ, ਪੰਚ ਦਾ, ਸਾਧ ਦਾ, ਬਾਬੇ ਦਾ ਤੁਹਾਨੂੰ ਕਿਸੇ ਦਾ ਮੂੰਹ ਨਹੀਂ ਦਿਸਣਾ ਚਾਹੀਦਾ, ਤੁਹਾਨੂੰ ਸਿਰਫ਼ ਅਪਣੇ ਬੱਚਿਆਂ ਦਾ ਮੂੰਹ ਦਿਸਣਾ ਚਾਹੀਦਾ ਹੈ। ਤੁਹਾਨੂੰ ਤੁਹਾਡੇ ਬੱਚਿਆਂ ਦਾ ਵਾਸਤਾ ਹੈ। ਇਹ ਲੋਕ ਤਾਂ ਕਈ ਗੈਂਗਸਟਰ ਪੈਦਾ ਕਰ ਦਿੰਦੇ ਹਨ। ਆਪੇ ਗੈਂਗਸਟਰ ਪੈਦਾ ਕਰਦੇ ਨੇ, ਆਪੇ ਫਿਰ ਮਾਰਦੇ ਨੇ। ਇਨ੍ਹਾਂ ਨੂੰ ਬੰਦੇ ਨਾਲ ਪਿਆਰ ਨਹੀਂ ਹੁੰਦਾ। ਉਨ੍ਹਾਂ ਦੀਪ ਸਿੱਧੂ ਦੀ ਮੌਤ ’ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਹ ਜਿਹੜੇ ਲੀਡਰ ਨੇ ਕੁਰੱਪਟ ਲੋਕ ਨੇ ਇਨ੍ਹਾਂ ਨੂੰ ਕੋਈ ਪਿਆਰਾ ਨਹੀਂ, ਇਨ੍ਹਾਂ ਲੋਕਾਂ ਨੂੰ ਕਿਸੇ ਦੀ ਜਾਨ ਨਾਲ ਪਿਆਰ ਨਹੀਂ ਹੈ, ਇਨ੍ਹਾਂ ਨੂੰ ਸਿਰਫ਼ ਅਪਣੀ ਕੁਰਸੀ ਨਾਲ ਪਿਆਰ ਹੈ। ਇਸ ਲਈ ਬਹੁਤ ਹੀ ਸੋਚ ਸਮਝ ਕੇ 20 ਫ਼ਰਵਰੀ ਨੂੰ ਵੋਟਾਂ ਪਾਉਣੀਆਂ ਹਨ, ਕਿਸੇ ਸਾਧ-ਬਾਬੇ ਦੇ, ਸੰਤ ਦੇ, ਡੇਰੇ ਵਾਲਿਆਂ ਦੇ ਮੂੰਹ ਨਹੀਂ ਵੇਖਣੇ।