
ਖਾਂਬਰਾ ਇਲਾਕੇ ਵਿਚ ਹੀ ਇਨ੍ਹੀਂ ਦਿਨੀਂ ਸ਼ਰੇਆਮ 100-100, 50-50 ਮਰਲੇ ਦੇ ਫਾਰਮ ਹਾਊਸ ਤਿਆਰ ਕੀਤੇ ਜਾ ਰਹੇ ਹਨ
Punjab News: ਚੰਡੀਗੜ੍ਹ - ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਹੁਣ ਪੰਜਾਬ ਵਿਚ ਕਿਸੇ ਨੂੰ ਵੀ ਨਾਜਾਇਜ਼ ਕਾਲੋਨੀ ਕੱਟਣ ਨਹੀਂ ਦਿੱਤੀ ਜਾਵੇਗੀ ਪਰ ਜਲੰਧਰ ਦੇ ਕਾਲੋਨਾਈਜ਼ਰਾਂ ਨੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਮਿੱਠਾਪੁਰ-ਖਾਂਬਰਾ ਇਲਾਕੇ ਵਿਚ ਸ਼ਰੇਆਮ ਨਾਜਾਇਜ਼ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ, ਜਿਸ ਨਾਲ ਸਰਕਾਰੀ ਰੈਵੇਨਿਊ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਸ ਇਲਾਕੇ ਵਿਚ ਜਲੰਧਰ ਇਨਕਲੇਵ ਤੋਂ ਜਿਹੜੀ ਸੜਕ ਮਿੱਠਾਪੁਰ ਰੋਡ ਤੋਂ ਹੁੰਦੇ ਹੋਏ ਪਿੰਡ ਖਾਂਬਰਾ ਵੱਲ ਜਾਂਦੀ ਹੈ, ਉਥੇ ਸੜਕ ਕੰਢੇ ਸ਼ਰੇਆਮ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ।
ਇਥੇ ਮਿੱਟੀ ਦੀ ਸੜਕ ਬਣਾ ਲਈ ਗਈ ਹੈ ਅਤੇ ਸੀਵਰ ਸਿਸਟਮ ਪਾਏ ਜਾਣ ਦੀ ਤਿਆਰੀ ਹੈ। ਕਾਲੋਨਾਈਜ਼ਰ ਨੇ ਉਥੇ ਪਲਾਟ ਤੱਕ ਵੇਚਣੇ ਸ਼ੁਰੂ ਕਰ ਦਿੱਤੇ ਹਨ। ਇਸ ਨਾਜਾਇਜ਼ ਕਾਲੋਨੀ ਦੀਆਂ ਵਧੇਰੇ ਸੜਕਾਂ 22 ਫੁੱਟ ਦੀਆਂ ਰੱਖੀਆਂ ਗਈਆਂ ਹਨ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਥੇ ਝੁੱਗੀਆਂ ਦੀ ਆਬਾਦੀ ਵਧ ਸਕਦੀ ਹੈ। ਇਸ ਨਾਜਾਇਜ਼ ਕਾਲੋਨੀ ਬਾਰੇ ਨਿਗਮ ਵਿਚ ਵੀ ਸ਼ਿਕਾਇਤ ਦਰਜ ਹੈ।
ਖਾਂਬਰਾ ਇਲਾਕੇ ਵਿਚ ਹੀ ਇਨ੍ਹੀਂ ਦਿਨੀਂ ਸ਼ਰੇਆਮ 100-100, 50-50 ਮਰਲੇ ਦੇ ਫਾਰਮ ਹਾਊਸ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਮੁੱਲ ਕਰੋੜਾਂ ਰੁਪਏ ਵਿਚ ਹੈ ਪਰ ਉਨ੍ਹਾਂ ਵਿਚੋਂ ਵਧੇਰੇ ਨਾਜਾਇਜ਼ ਹਨ। ਨਗਰ ਨਿਗਮ ਦੀ ਇਕ ਟੀਮ ਨੇ ਅੱਜ ਏ. ਟੀ. ਪੀ. ਸੁਖਦੇਵ ਵਸ਼ਿਸ਼ਟ, ਇੰਸ. ਵਰਿੰਦਰ ਕੌਰ, ਕਮਲ ਭਾਨ ਅਤੇ ਹਨੀ ਥਾਪਰ ਦੀ ਅਗਵਾਈ ਵਿਚ ਉਸਾਰੀ ਅਧੀਨ 2 ਫਾਰਮ ਹਾਊਸ ਚੈੱਕ ਕੀਤੇ।
(For more Punjabi news apart from Punjab News, stay tuned to Rozana Spokesman)