
Ludhiana News : ਮੁਲਜ਼ਮ ਨੇ ਐਨਓਸੀ ਦਿਵਾਉਣ ਦੇ ਨਾਂ 'ਤੇ ਰਿਸ਼ਵਤ ਲਈ ਸੀ
Ludhiana News in Punjabi : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਇੱਕ ਆਮ ਵਿਅਕਤੀਜਗਤ ਰਾਮ, ਵਾਸੀ ਮੁੱਲਾਪੁਰ ਦਾਖਾ, ਜ਼ਿਲ੍ਹਾ ਲੁਧਿਆਣਾ ਨੂੰ ਸਰਕਾਰੀ ਅਧਿਕਾਰੀ ਬਣ ਕੇ 42.60 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅੱਜ ਇਹ ਖੁਲਾਸਾ ਕਰਦੇ ਹੋਏ, ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਇਹ ਕੇਸ ਸ਼ਿਕਾਇਤਕਰਤਾ ਰਾਕੇਸ਼ ਸਚਦੇਵਾ, ਵਾਸੀ ਐਸ.ਬੀ.ਐਸ. ਨਗਰ, ਪੱਖੋਵਾਲ ਰੋਡ, ਲੁਧਿਆਣਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ ਭੇਜੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਜਗਤ ਰਾਮ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਕੋਲ ਉਸਦੇ ਲੰਬਿਤ ਪਏ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਦਿਵਾਉਣ ਲਈ ਉਸ ਕੋਲੋਂ 42.60 ਲੱਖ ਰੁਪਏ ਦੀ ਰਿਸ਼ਵਤ ਲਈ ਸੀ।
ਸ਼ਿਕਾਇਤ ਦੇ ਅਨੁਸਾਰ ਰਾਕੇਸ਼ ਸਚਦੇਵਾ ਲੁਧਿਆਣਾ ਦੀ ਏ.ਸੀ. ਮਾਰਕੀਟ ਵਿੱਚ ਇੱਕ ਕੱਪੜੇ ਦੀ ਦੁਕਾਨ ਚਲਾਉਂਦਾ ਹੈ। ਉਸ ਨੇ ਸਾਲ 2017, 2019 ਅਤੇ 2022 ਵਿੱਚ ਐਲ.ਆਈ.ਟੀ. ਦੀ ਐਲ.ਡੀ.ਪੀ. ਸਕੀਮ ਤਹਿਤ ਤਿੰਨ ਜਾਇਦਾਦਾਂ ਖਰੀਦੀਆਂ ਸਨ। ਉਸਨੇ ਜਾਇਦਾਦਾਂ ਨੂੰ ਆਪਣੇ ਨਾਮ ’ਤੇ ਤਬਦੀਲ ਕਰਨ ਲਈ ਐਨ.ਓ.ਸੀ. ਪ੍ਰਾਪਤ ਕਰਨ ਵਾਸਤੇ ਐਲ.ਆਈ.ਟੀ. ਨੂੰ ਸਾਰੇ ਸੰਬੰਧਿਤ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਸਨ ਪਰ ਉਸ ਦੇ ਬਾਵਜੂਦ ਵੀ ਉਸ ਨੂੰ ਕੋਈ ਸਰਟੀਫੀਕੇਟ ਨਹੀਂ ਮਿਲਿਆ। ਇਸੇ ਦੌਰਾਨ ਉਹ ਜਗਤ ਰਾਮ ਨੂੰ ਮਿਲਿਆ ਜਿਸਨੇ ਖੁਦ ਨੂੰ ਐਲ.ਆਈ.ਟੀ. ਦੇ ਇੱਕ ਕਰਮਚਾਰੀ ਵਜੋਂ ਪੇਸ਼ ਕੀਤਾ ਅਤੇ ਚੰਡੀਗੜ੍ਹ ਵਿੱਚ ਇੱਕ ਸੀਨੀਅਰ ਅਧਿਕਾਰੀ ਦਾ ਨਿੱਜੀ ਸਕੱਤਰ ਹੋਣ ਦਾ ਦਾਅਵਾ ਕੀਤਾ। ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਕਿ ਉਹ ਐਨ.ਓ.ਸੀ. ਦਾ ਪ੍ਰਬੰਧ ਕਰ ਸਕਦਾ ਹੈ ਪਰ ਬਦਲੇ ਵਿੱਚ ਉਸਨੇ ਰਿਸ਼ਵਤ ਦੀ ਮੰਗ ਕੀਤੀ।
ਸਚਦੇਵਾ ਨੇ ਅੱਗੇ ਦੱਸਿਆ ਕਿ ਜਗਤ ਰਾਮ ਨੇ ਉਸ ਤੋਂ ਦੋ ਸਾਲਾਂ ਦੌਰਾਨ ਕਿਸ਼ਤਾਂ ‘ਚ ਕੁੱਲ 42.60 ਲੱਖ ਰੁਪਏ ਰਿਸ਼ਵਤ ਲਈ ਪਰ ਕੀਤੇ ਵਾਅਦੇ ਅਨੁਸਾਰ ਕੋਈ ਵੀ ਐਨ.ਓ.ਸੀ. ਉਪਲਬਧ ਨਹੀਂ ਕਰਵਾਇਆ। ਅੰਤ ਵਿੱਚ ਉਸਨੂੰ ਪਤਾ ਲੱਗਾ ਕਿ ਜਗਤ ਰਾਮ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਦਾ ਕਰਮਚਾਰੀ ਨਹੀਂ ਸਗੋਂ ਇੱਕ ਆਮ ਵਿਅਕਤੀ ਹੈ ਜੋ ਚੰਡੀਗੜ੍ਹ ਵਿੱਚ ਤਾਇਨਾਤ ਸੀਨੀਅਰ ਅਧਿਕਾਰੀ ਅਤੇ ਐਲ.ਆਈ.ਟੀ. ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਮ ’ਤੇ ਰਿਸ਼ਵਤ ਲੈ ਰਿਹਾ ਹੈ। ਇੱਕ ਦੋਸਤ ਦੀ ਮਦਦ ਨਾਲ ਸ਼ਿਕਾਇਤਕਰਤਾ ਨੇ ਜਗਤ ਰਾਮ ਨਾਲ ਕੀਤੀ ਗੱਲਬਾਤ ਰਿਕਾਰਡ ਕਰ ਲਈ ਜਿਸ ਵਿੱਚ ਉਸ ਨੇ 37 ਲੱਖ ਰੁਪਏ ਰਿਸ਼ਵਤ ਲੈਣ ਦੀ ਗੱਲ ਕਬੂਲੀ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸ਼ਿਕਾਇਤ ਦੀ ਤਸਦੀਕ ਦੌਰਾਨ ਮੌਖਿਕ, ਆਡੀਓ ਅਤੇ ਦਸਤਾਵੇਜ਼ੀ ਸਬੂਤਾਂ ਦੇ ਆਧਾਰ ਉਤੇ ਲੱਗੇ ਦੋਸ਼ ਸੱਚੇ ਪਾਏ ਗਏ। ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਨੇ ਗੂਗਲ ਪੇਅ ਰਾਹੀਂ 3.90 ਲੱਖ ਰੁਪਏ ਸਮੇਤ ਕੁੱਲ 42.60 ਲੱਖ ਰੁਪਏ ਰਿਸ਼ਵਤ ਵਜੋਂ ਲਏ ਸਨ। ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਗਤ ਰਾਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਦੌਰਾਨ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਦੇ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ
(For more news apart from Vigilance arrested Jagat Ram after accepting a bribe of 42.60 lakh rupees in Ludhiana News in Punjabi, stay tuned to Rozana Spokesman)