
ਪੰਚਾਇਤ ਦੌਰਾਨ ਗੋਲੀ ਮਾਰ ਕੇ ਕੀਤਾ ਗਿਆ ਕਤਲ
ਅਬੋਹਰ : ਅਬੋਹਰ ਤਹਿਸੀਲ ਦੇ ਪਿੰਡ ਕੱਲਰਖੇੜਾ 'ਚ ਵੀਰਵਾਰ ਨੂੰ ਮਹਿਲਾ ਸਰਪੰਚ ਪੂਨਮ ਦੇ ਪਤੀ ਸ਼ੰਕਰ ਲਾਲ (35) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਝਗੜਾ ਹੋਣ 'ਤੇ ਮਨੋਜ ਕੁਮਾਰ ਨੇ ਗੁੱਸੇ 'ਚ ਆ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀ ਸ਼ੰਕਰ ਨੂੰ ਲੱਗੀ ਅਤੇ ਉਸ ਨੂੰ ਜ਼ਖਮੀ ਹਾਲਤ ਵਿਚ ਸ੍ਰੀ ਗੰਗਾਨਗਰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਸ਼ੂਟਰ ਮਨੋਜ ਕੁਮਾਰ ਆਮ ਆਦਮੀ ਪਾਰਟੀ ਦਾ ਅਧਿਕਾਰੀ ਦੱਸਿਆ ਜਾਂਦਾ ਹੈ। ਸਰਪੰਚ ਵੀ ਆਮ ਆਦਮੀ ਪਾਰਟੀ ਦਾ ਹੈ।
ਸੂਚਨਾ ਮਿਲਦੇ ਹੀ ਥਾਣਾ ਖੂਈਆਂ ਸਰਵਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਮ੍ਰਿਤਕ ਸ਼ੰਕਰ ਲਾਲ ਦੇ ਪਰਿਵਾਰ 'ਚ ਵਿਆਹ ਸੀ। ਕਤਲ ਤੋਂ ਬਾਅਦ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ, ''ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਦੋਸ਼ੀ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਪਿੰਡ 'ਚ ਤਣਾਅ ਦਾ ਮਾਹੌਲ ਹੈ। ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਦੀ ਪੂਰੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਜਲਦ ਤੋਂ ਜਲਦ ਕਾਰਵਾਈ ਕਰੇ।