
ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ
ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਜਸਟਿਸ ਲੀਜ਼ਾ ਗਿੱਲ ਬੈਂਚ ਨੇ ਕੁੱਝ ਸ਼ਰਤਾਂ ਤਹਿਤ ਡੇਰਾ ਬਾਬਾ ਨਾਨਕ ਹਲਕੇ ਤੋਂ ਵਿਧਾਇਕ ਰਹਿ ਚੁਕੇ ਸੁੱਚਾ ਸਿੰਘ ਲੰਗਾਹ ਨੂੰ ਜ਼ਮਾਨਤ ਦਿਤੀ ਹੈ। ਅਦਾਲਤ ਨੇ ਕਿਹਾ ਕਿ ਲੰਗਾਹ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ। ਉਹ ਇਸ ਮਾਮਲੇ 'ਚ ਸ਼ਿਕਾਇਤਕਰਤਾ ਤੇ ਇਸ ਕੇਸ ਦੇ ਕਿਸੇ ਵੀ ਗਵਾਹ ਨਾਲ ਕੋਈ ਰਾਬਤਾ ਨਹੀਂ ਰੱਖੇਗਾ।ਲੰਗਾਹ ਵਲੋਂ ਪੇਸ਼ ਸੀਨੀਅਰ ਐਡਵੋਕੇਟ ਜਸਜੀਤ ਸਿੰਘ ਬੇਦੀ ਨੇ ਇਹ ਤਰਕ ਰਖਿਆ ਕਿ ਮਾਮਲੇ ਤਹਿਤ ਦਰਜ ਹੋਈ ਐਫ਼ਆਈਆਰ ਕਰੀਬ 9 ਸਾਲ ਦੇ ਵੱਡੇ ਵਕਫ਼ੇ ਮਗਰੋਂ ਦਰਜ ਕੀਤੀ ਗਈ
Sucha Singh Langah
ਤੇ ਦੂਜਾ ਇਹ ਮਾਮਲਾ ਸਿਆਸੀ ਬਦਲਾਖੋਰੀ ਦਾ ਹੈ। ਦਾਅਵਾ ਕੀਤਾ ਗਿਆ ਕਿ ਲੰਗਾਹ ਦੇ ਸਿਆਸੀ ਵਿਰੋਧੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੌਰਾਨ ਇਹ ਸਾਜ਼ਸ਼ ਰਚੀ ਸੀ। ਦਸਣਯੋਗ ਹੈ ਕਿ ਇਕ ਔਰਤ ਕਾਂਸਟੇਬਲ ਨੇ ਲੰਗਾਹ ਵਿਰੁਧ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ ਪਰ ਬਾਅਦ ਵਿਚ ਉਹ ਆਪਣੇ ਬਿਆਨਾਂ ਤੋਂ ਮੁੱਕਰ ਗਈ। ਉਸ ਨੇ ਅਦਾਲਤ ਵਿਚ ਲੰਗਾਹ ਨੂੰ ਪਛਾਨਣ ਤੋਂ ਵੀ ਇਨਕਾਰ ਕਰ ਦਿਤਾ ਸੀ। ਉਲਟਾ, ਪੁਲਿਸ 'ਤੇ ਇਲਜ਼ਾਮ ਲਾਇਆ ਸੀ ਕਿ ਉਸ ਤੋਂ ਖ਼ਾਲੀ ਕਾਗ਼ਜ਼ਾਂ 'ਤੇ ਜ਼ਬਰਦਸਤੀ ਹਸਤਾਖਰ ਕਰਵਾਏ ਗਏ।