
ਬੀਤੀ ਰਾਤ ਮੇਨ ਬਾਜ਼ਾਰ ਮੰਡੀ ਗੋਬਿੰਦਗੜ੍ਹ ਵਿਖੇ ਕਤਲੇ ਕੀਤੇ ਕੇਸ ਦੀ ਗੁੱਥੀ 24 ਘੰਟੇ ਅੰਦਰ ਹੀ ਪੁਲਿਸ ਵਲੋਂ ਸੁਲਝਾ ਲਈ ਗਈ |
ਬੀਤੀ ਰਾਤ ਮੇਨ ਬਾਜ਼ਾਰ ਮੰਡੀ ਗੋਬਿੰਦਗੜ੍ਹ ਵਿਖੇ ਕਤਲੇ ਕੀਤੇ ਕੇਸ ਦੀ ਗੁੱਥੀ 24 ਘੰਟੇ ਅੰਦਰ ਹੀ ਪੁਲਿਸ ਵਲੋਂ ਸੁਲਝਾ ਲਈ ਗਈ ਅਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐਸ.ਐਸ.ਪੀ. ਅਲਕਾ ਮੀਨਾ ਦੀਆਂ ਹਦਾਇਤਾਂ 'ਤੇ ਐਸ.ਪੀ.(ਡੀ) ਹਰਪਾਲ ਸਿੰਘ ਨੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਦਸਿਆ ਕਿ 18 ਮਾਰਚ ਨੂੰ ਸਥਾਨਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੇਨ ਬਾਜ਼ਾਰ ਮੰਡੀ ਗੋਬਿੰਦਗੜ੍ਹ ਜਾਲ ਮਾਰਕੀਟ ਨੇੜੇ 30 ਸਾਲਾ ਇਕ ਨੌਜਵਾਨ ਬਲਵਿੰਦਰ ਸਿੰਘ ਉਰਫ਼ ਸ਼ੈਂਟੀ ਪੁੱਤਰ ਸਵਰਗੀ ਜਸਵੰਤ ਸਿੰਘ ਵਾਸੀ ਮੁਹੱਲਾ ਡੋਗਰਾ, ਸਰਹਿੰਦੀ ਗੇਟ ਪਟਿਆਲਾ ਹਾਲ ਕਿਰਾਏ ਸੈਕਟਰ 10ਏ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਦਾ ਛਾਤੀ ਵਿਚ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਜਿਸ 'ਤੇ ਗੋਬਿੰਦਗੜ੍ਹ ਪੁਲਿਸ ਨੇ ਮ੍ਰਿਤਕ ਦੀ ਮਾਤਾ ਦਵਿੰਦਰ ਕੌਰ ਦੇ ਬਿਆਨਾਂ 'ਤੇ 19 ਮਾਰਚ ਨੂੰ ਆਈ.ਪੀ.ਸੀ. ਧਾਰਾ 302 ਅਧੀਨ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ।
Blind Murder Case
ਮਾਮਲੇ ਦੀ ਤਫ਼ਤੀਸ਼ ਲਈ ਇਕ ਸਾਂਝੀ ਟੀਮ ਦਾ ਗਠਨ ਕੀਤਾ ਗਿਆ। ਐਸ.ਪੀ.ਡੀ. ਹਰਪਾਲ ਸਿੰਘ ਨੇ ਦਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਕਥਿਤ ਦੋਸ਼ੀ ਗੌਰਵ ਉਰਫ਼ ਹਨੀ ਪੁੱਤਰ ਭਿੰਦਰ ਸਿੰਘ ਵਾਸੀ ਜਾਲ ਮਾਰਕੀਟ ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਐਸ.ਪੀ.ਡੀ. ਹਰਪਾਲ ਸਿੰਘ ਨੇ ਦਸਿਆ ਕਿ ਕਥਿਤ ਦੋਸ਼ੀ ਗੌਰਵ ਅਤੇ ਬਲਵਿੰਦਰ ਸਿੰਘ ਦੋਵੇਂ ਦੋਸਤ ਸਨ। ਕਥਿਤ ਦੋਸ਼ੀ ਗੌਰਵ ਨੇ ਮ੍ਰਿਤਕ ਬਲਵਿੰਦਰ ਤੋਂ ਛੇ ਮਹੀਨੇ ਪਹਿਲਾਂ 10 ਹਜ਼ਾਰ ਰੁਪਏ ਉਧਾਰ ਲਏ ਸਨ। ਬੀਤੀ 18 ਮਾਰਚ ਦੀ ਦੁਪਿਹਰ ਗੌਰਵ ਬਲਵਿੰਦਰ ਦੇ ਘਰ ਗਿਆ ਤਾਂ ਬਲਵਿੰਦਰ ਨੇ ਪੈਸਿਆਂ ਦੀ ਮੰਗ ਕੀਤੀ। ਗੌਰਵ ਉਸ ਨੂੰ ਪੈਸੇ ਦੇਣ ਦੇ ਬਹਾਨੇ ਸਕੂਟਰ 'ਤੇ ਨਾਲ ਲੈ ਗਿਆ। ਜਿਸ ਤੋਂ ਬਾਅਦ ਦੋਵਾਂ ਨੇ ਸ਼ਰਾਬ ਪੀਤੀ। ਉਪਰੰਤ ਦੋਵਾਂ ਦੀ ਪੈਸਿਆਂ ਪਿੱਛੇ ਬਹਿਸਬਾਜ਼ੀ ਹੋ ਗਈ ਅਤੇ ਗੌਰਵ ਨੇ ਸੋਚੀ ਸਮਝੀ ਸਾਜਿਸ਼ ਤਹਿਤ ਅਪਣਾ ਦੋਸਤੀ ਚਾਕੂ ਬਲਵਿੰਦਰ ਸਿੰਘ ਦੀ ਛਾਤੀ ਵਿਚ ਮਾਰਿਆ ਜੋ ਸਿੱਧਾ ਉਸ ਦੇ ਦਿਲ ਵਿਚ ਵੱਜਾ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦਾ ਪੁਲਿਸ ਰਿਮਾਂਡ ਲੈ ਕੇ ਹਥਿਆਰ ਦੀ ਬਰਾਮਦਗੀ ਤੇ ਹੋਰ ਪੁੱਛਗਿਛ ਕੀਤੀ ਜਾਵੇਗੀ।