ਵੱਖ-ਵੱਖ ਸਕੀਮ ਤਹਿਤ ਸਰਕਾਰੀ ਸਕੂਲਾਂ 'ਚ ਮਿਲਣ ਵਾਲੀਆਂ ਕਿਤਾਬਾਂ ਨਾ ਮਿਲਣ ਕਾਰਣ ਸਕੂਲ ਦੇ ਅਧਿਆਪਕ ਤੇ ਬੱਚੇ ਵਿਹਲੇ ਬੈਠਕੇ ਸਮਾਂ ਬਤੀਤ ਕਰ ਰਹੇ ਹਨ।
ਮਾਨਸਾ: ਵੱਖ-ਵੱਖ ਸਕੀਮ ਤਹਿਤ ਸਰਕਾਰੀ ਸਕੂਲਾਂ 'ਚ ਮਿਲਣ ਵਾਲੀਆਂ ਕਿਤਾਬਾਂ ਨਾ ਮਿਲਣ ਕਾਰਣ ਸਕੂਲ ਦੇ ਅਧਿਆਪਕ ਤੇ ਬੱਚੇ ਵਿਹਲੇ ਬੈਠਕੇ ਸਮਾਂ ਬਤੀਤ ਕਰ ਰਹੇ ਹਨ। ਸਕੂਲੀ ਵਿਦਿਆਰਥੀਆਂ ਦਾ ਦਿਲ ਪਰਚਾਉਣ ਲਈ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੇ ਨਵੀਂ ਜੁਗਤ ਲੱਭ ਲਈ ਹੈ। ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੇ ਸਿੱਖਿਆ ਦਾ ਅਧਿਕਾਰ ਕਾਨੂੰਨ ਦੀ ਉਲੰਘਣਾ ਕਰਕੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਨੂੰ 30 ਸਤੰਬਰ ਤੱਕ ਜਾਦੂ ਸ਼ੋਅ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਪ੍ਰਸ਼ਾਸਨ ਦੇ ਇਸ ਹੁਕਮ ਨਾਲ ਅਧਿਆਪਕਾਂ ਵਿੱਚ ਰੋਸ਼ ਹੈ ਤੇ ਉਹ ਪ੍ਰਸ਼ਾਸਨ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਨੂੰ ਜਾਰੀ ਇੱਕ ਪੱਤਰ ਵਿੱਚ ਹਦਾਇਤ ਕੀਤੀ ਗਈ ਹੈ ਕਿ ਜ਼ਿਲ੍ਹੇ ਦੇ ਸਰਕਾਰੀ ਅਤੇ ਗੈਰਸਰਕਾਰੀ ਸਕੂਲ ਮਨੋਜ ਕੁਮਾਰ ਨਾਮਕ ਜਾਦੂਗਰ ਦੇ ਸ਼ੌਅ ਆਪਣੇ ਸਕੂਲਾਂ ਵਿੱਚ ਦਿਖਾਉਣ ਦੇ ਹੁਕਮ ਆਏ ਹਨ। ਇਸਦੇ ਨਾਲ ਹੀ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀ ਪੰਜ ਰੁਪਏ ਅਤੇ ਦਸਵੀਂ ਤੱਕ ਦੇ ਵਿਦਿਆਰਥੀ ਦਸ ਰੁਪਏ ਇੱਕਤਰ ਕਰਕੇ ਇਸ ਜਾਦੂਗਰ ਨੂੰ ਦੇਣ ਬਾਰੇ ਵੀ ਕਿਹਾ । ਅੱਤ ਦੀ ਗਰਮੀ, ਕਿਤਾਬਾਂ ਦੀ ਘਾਟ ਅਤੇ ਗਰਮ ਰੁੱਤ ਦੀਆਂ ਸਕੂਲੀ ਖੇਡਾਂ ਵਿੱਚ ਉਲਝੇ ਅਧਿਆਪਕਾਂ ਨੇ ਇਸਤੇ ਰੋਸ਼ ਪ੍ਰਗਟ ਕਰਦਿਆ ਕਿਹਾ ਕਿ ਜੇਕਰ ਇਹ ਸ਼ੋਅ ਬੱਚਿਆਂ ਵਿੱਚ ਜਾਗਰੂਕਤਾ ਲਈ ਮੁਫਤ ਦਿਖਾਏ ਜਾਂਦੇ ਹਨ ਤਾਂ ਠੀਕ ਹੈ ਪਰ ਫੀਸ ਜਿਹੀ ਸ਼ਰਤ ਹੈ ਤਾਂ ਗਲਤ ਹੈ। ਉਹਨਾਂ ਕਿਹਾ ਕਿ ਜੇ ਬੱਚਿਆਂ ਕੋਲ ਫੀਸ ਲਈ ਪੈਸੇ ਹੁੰਦੇ ਤਾਂ ਉਹ ਕਿਤਾਬਾਂ ਕਾਪੀਆਂ ਹੀ ਨਾ ਖਰੀਦ ਲੈਣ।
ਜ਼ਿਲ੍ਹਾ ਸਿੱਖਿਆ ਅਫਸਰ ਜਗਰੂਪ ਭਾਰਤੀ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮ ਅਨੁਸਾਰ ਇਹ ਹੁਕਮ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਕੂਲ ਮੁਖੀ ਦੀ ਸਹਿਮਤੀ ਨਾਲ ਹੀ ਜਾਦੂ ਸ਼ੌਅ ਕੀਤਾ ਜਾਵੇਗਾ ਅਤੇ ਜਰੂਰੀ ਨਹੀਂ ਕਿ ਹਰ ਵਿਦਿਆਰਥੀ ਇਹ ਪ੍ਰੋਗਰਾਮ ਦੇਖਣ।