
ਸਾਧਵੀ ਯੋਨ ਸ਼ੋਸ਼ਣ ਮਾਮਲੇ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ 'ਤੇ 25 ਤਰੀਕ ਨੂੰ ਫੈਸਲਾ ਆਉਣਾ ਹੈ, ਜਿਸ ਨੂੰ ਲੈ ਕੇ ਬਠਿੰਡਾ ਦੇ ਡੇਰਾ ਸਲਾਬਤਪੁਰਾ..
ਬਠਿੰਡਾ: ਸਾਧਵੀ ਯੋਨ ਸ਼ੋਸ਼ਣ ਮਾਮਲੇ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ 'ਤੇ 25 ਤਰੀਕ ਨੂੰ ਫੈਸਲਾ ਆਉਣਾ ਹੈ, ਜਿਸ ਨੂੰ ਲੈ ਕੇ ਬਠਿੰਡਾ ਦੇ ਡੇਰਾ ਸਲਾਬਤਪੁਰਾ 'ਚ ਡੇਰਾ ਸੱਚਾ ਸੌਦਾ ਸਮੱਰਥਕ ਇਕੱਠੇ ਹੋਣ ਲੱਗੇ ਹਨ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਕੱਲ੍ਹ ਪੰਚਕੁਲਾ ਸੀ. ਬੀ. ਆਈ. ਕੋਰਟ 'ਚ ਫੈਸਲਾ ਹੋਣਾ ਹੈ, ਜਿਸ ਨੂੰ ਲੈ ਕੇ ਡੇਰਾ ਸਮਰਥਕ ਵੀ ਇੱਕਠਾ ਹੋਣ ਲੱਗੇ ਹਨ ਤੇ ਆਪਸੀ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਡੇਰਾ ਪ੍ਰਬੰਧਕ ਨੇ ਉਨ੍ਹਾਂ ਸਾਰੀਆਂ ਅਫਵਾਹਾਂ ਦੀ ਨਿੰਦਾ ਕੀਤੀ ਹੈ, ਜਿਸ 'ਚ ਡੇਰੇ ਅੰਦਰ ਹਥਿਆਰ, ਅਸਲਾ ਇੱਕਠਾ ਕਰਨ ਦੀ ਗੱਲ ਫੈਲਾਈ ਜਾ ਰਹੀ ਹੈ।
ਉਨ੍ਹਾਂ ਸਪਸ਼ੱਟ ਕੀਤਾ ਹੈ ਕਿ ਡੇਰਾ ਸ਼ਾਂਤੀ ਪਸੰਦ ਹੈ ਤੇ ਸਮਾਜ ਭਲਾਈ ਦੇ ਕੰਮ ਕਰਦਾ ਹੈ, ਇਸ ਲਈ ਡੇਰੇ ਅੰਦਰ ਕਿਸੇ ਤਰ੍ਹਾਂ ਦਾ ਹਥਿਆਰ, ਅਸਲਾ ਨਹੀਂ ਰੱਖਿਆ ਗਿਆ। ਇਸ ਮੌਕੇ 'ਤੇ ਉਨ੍ਹਾਂ ਨੇ ਮਾਲਵਾ ਇਲਾਕੇ 'ਚ ਆਈਆਂ ਪੰਚਾਇਤਾ ਦਾ ਵੀ ਸਵਾਗਤ ਕੀਤਾ ਜਿਨ੍ਹਾਂ ਨੇ ਡੇਰੇ ਦੀ ਹਿਮਾਇਤ ਕਰਦਿਆਂ ਹਰ ਤਰ੍ਹਾਂ ਦਾ ਸਾਥ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਅਸੀਂ ਸੱਚ ਨਾਲ ਖੜ੍ਹੇ ਹਾਂ। ਇਸ ਦੇ ਨਾਲ ਹੀ ਫਰੀਦਰਕੋਟ ਤੋਂ ਆਉਣ ਵਾਲੇ ਡੇਰਾ ਸਮਰਥਕਾਂ ਦਾ ਕਹਿਣਾ ਹੈ ਕਿ ਆਪਣੇ ਡੇਰਾ ਸਮਰਥਕਾਂ ਦੇ ਨਾਲ ਆਏ ਹਨ ਕਿਉਂਕਿ ਸਚਾਈ ਦੇ ਨਾਲ ਚੱਲਣ ਵਾਲੇ ਡੇਰੇ ਦੇ ਨਾਲ ਹਨ ਤੇ ਨਾਲ ਹੀ ਰਹਿਣਗੇ।
ਦੂਜੇ ਪਾਸੇ ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਧਿਆਨ 'ਚ ਰੱਖਦੇ ਹੋਏ ਬਠਿੰਡਾ 'ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ, ਜ਼ਿਲੇ 'ਚ 9 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸ਼ਹਿਰ 'ਚ ਹਰ ਜਗ੍ਹਾ ਨਾਕਾਬੰਦੀ ਕੀਤੀ ਗਈ ਹੈ ਤੇ ਸਾਰੇ ਡੇਰਿਆਂ 'ਚ ਸੁਰੱਖਿਆ ਲਗਾ ਦਿੱਤੀ ਗਈ ਹੈ। ਲੋਕਾਂ ਅੱਗੇ ਅਪੀਲ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਤੇ ਕਿਸੇ ਵੀ ਸ਼ਰਾਰਤੀ ਤੱਤ ਨੂੰ ਸ਼ਹਿਰ ਦਾ ਮਾਹੌਲ ਖਰਾਬ ਨਾ ਕਰਨ ਦਿੱਤਾ ਜਾਵੇ।