
ਚੰਡੀਗੜ੍ਹ: ਕੇਂਦਰ ਸਰਕਾਰ ਨੇ ਇਕ ਐਪ ਲਾਂਚ ਕੀਤਾ ਹੈ ਜਿਸ ਜ਼ਰੀਏ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਟੋਲ ਪਲਾਜ਼ਾ ‘ਤੇ ਤੁਸੀ ਭੁਗਤਾਨ ਕਰ ਸਕੋਗੇ।
ਚੰਡੀਗੜ੍ਹ: ਕੇਂਦਰ ਸਰਕਾਰ ਨੇ ਇਕ ਐਪ ਲਾਂਚ ਕੀਤਾ ਹੈ ਜਿਸ ਜ਼ਰੀਏ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਟੋਲ ਪਲਾਜ਼ਾ ‘ਤੇ ਤੁਸੀ ਭੁਗਤਾਨ ਕਰ ਸਕੋਗੇ। ਟੋਲ ਪਲਾਜ਼ਾ ‘ਤੇ ਐਪ ਜ਼ਰੀਏ ਭੁਗਤਾਨ ਕਰਨ ਵਾਲਿਆਂ ਲਈ ਵੱਖਰੀ ਲੇਨ ਦੀ ਵਿਵਸਥਾ ਕਰ ਦਿੱਤੀ ਗਈ ਹੈ। ਭਾਰਤ ਸਰਕਾਰ ਨੇ ਫਾਸਟ ਟੈਗ ਸਕੀਮ ਤਹਿਤ ‘ਲੋਡਲਿੰਕ’ਨਾਮ ਦਾ ਮੋਬਾਇਲ ਐਪ ਲਾਂਚ ਕੀਤਾ ਹੈ। ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੋਮਵਾਰ ਨੂੰ ਚੰਡੀਗੜ੍ਹ ‘ਚ ਫਾਸਟ ਟੈਗ ਐਪ (ਲੋਡਲਿੰਕ) ਸੁਵਿਧਾ ਦੀ ਸ਼ੁਰੂਆਤ ਕੀਤੀ ਹੈ।
ਇਸ ਦੀ ਸੁਵਿਧਾ ਦੇਸ਼ ਭਰ ‘ਚ 371 ਟੋਲ ਪਲਾਜ਼ਿਆਂ ‘ਤੇ ਦਿੱਤੀ ਗਈ ਹੈ। ਇਸ ਐਪ ਜ਼ਰੀਏ ਭੁਗਤਾਨ ਕਰਨ ਵਾਲੇ ਵਾਹਨ ਮਾਲਕਾਂ ਨੂੰ 7.5 ਫੀਸਦੀ ਦਾ ਲਾਭ ਵੀ ਮਿਲੇਗਾ। ਇਸ ਦਾ ਲਾਭ ਲੈਣ ਲਈ ਫਾਸਟ ਟੈਗ ਸਕੀਮ ਤਹਿਤ ਵਾਹਨ ਚਾਲਕਾਂ ਨੂੰ ਆਨਲਾਈਨ ਖਾਤਾ ਖੋਲ੍ਹਣਾ ਹੋਵੇਗਾ। ਖਾਤਾ ਖੋਲ੍ਹਣ ਦੇ ਬਾਅਦ ਵਾਹਨ ਦੇ ਸ਼ੀਸ਼ੇ ‘ਤੇ ਲਾਉਣ ਲਈ ਇਕ ਟੈਗ ਦਿੱਤਾ ਜਾਵੇਗਾ। ਇਸ ਟੈਗ ਵਾਲਾ ਵਾਹਨ ਜਦੋਂ ਟੋਲ ਪਲਾਜ਼ਾ ਤੋਂ ਲੰਘੇਗਾ ਤਾਂ ਉੱਥੇ ਲੱਗਾ ਸਿਸਟਮ ਟੈਗ ਨੂੰ ਸਕੈਨ ਕਰੇਗਾ ਅਤੇ ਤੁਹਾਡੇ ਖਾਤੇ ‘ਚੋਂ ਪੈਸੇ ਆਪਣੇ-ਆਪ ਕੱਟ ਜਾਣਗੇ।
ਯਾਨੀ ਤੁਹਾਨੂੰ ਬਹੁਤੀ ਦੇਰ ਤਕ ਖੜ੍ਹੇ ਨਹੀਂ ਹੋਣਾ ਪਵੇਗਾ।ਟੋਲ ਟੈਕਸ ਦੇ ਪੈਸੇ ਕੱਟ ਜਾਣ ‘ਤੇ ਵਾਹਨ ਮਾਲਕ ਨੂੰ ਤੁਰੰਤ ਮੈਸੇਜ ਮਿਲੇਗਾ। ਉੱਥੇ ਹੀ, ਫਾਸਟ ਟੈਗ ਦੀ ਮਿਆਦ ਖਤਮ ਹੋਣ ਦੀ ਕੋਈ ਆਖਰੀ ਤਰੀਕ ਨਹੀਂ ਹੋਵੇਗੀ ਯਾਨੀ ‘ਐਕਸਪਾਇਰੀ ਡੇਟ’ ਨਹੀਂ ਹੋਵੇਗੀ, ਵਾਹਨ ਮਾਲਕ ਇਸ ਨੂੰ ਮੋਬਾਇਲ ਸਿਮ ਕਾਰਡ ਦੀ ਤਰ੍ਹਾਂ ਰੀਚਾਰਜ ਕਰਾ ਸਕੇਗਾ।
ਇਸ ਨੂੰ ਆਨਲਾਈਨ ਪੇਮੈਂਟ ਜ਼ਰੀਏ ਵੀ ਰੀਚਾਰਜ ਕੀਤਾ ਜਾ ਸਕੇਗਾ।ਇੰਨਾ ਹੀ ਨਹੀਂ ਫਾਸਟ ਟੈਗ, ਵਾਹਨ ਮਾਲਕਾਂ ਨੂੰ ਆਪਣੀ ਗੱਡੀ ਟਰੈਕ ਕਰਨ ‘ਚ ਵੀ ਮਦਦ ਕਰੇਗਾ, ਜਿਸ ਨਾਲ ਗੱਡੀ ਚੋਰੀ ਹੋਣ ਦੀ ਸਥਿਤੀ ‘ਚ ਉਸ ਦਾ ਪਤਾ ਚੱਲ ਸਕੇਗਾ। ਜਦੋਂ ਵੀ ਫਾਸਟ ਟੈਗ ਵਾਲਾ ਵਾਹਨ ਕਿਸੇ ਵੀ ਟੋਲ ਪਲਾਜ਼ਾ ਤੋਂ ਲੰਘੇਗਾ ਤਾਂ ਹਰ ਸਮੇਂ ਰਜਿਸਟਰਡ ਮੋਬਾਇਲ ਨੰਬਰ ‘ਤੇ ਮੈਸੇਜ ਮਿਲੇਗਾ। ਇਸ ਮੈਸੇਜ ‘ਚ ਟੋਲ ਪਲਾਜ਼ਾ ਕਿੱਥੇ ਦਾ ਹੈ, ਵਾਹਨ ਇੱਥੋਂ ਕਦੋਂ ਲੰਘਿਆ ਅਤੇ ਕਿੰਨੇ ਪੈਸੇ ਕੱਟੇ ਗਏ ਇਹ ਸਾਰੀ ਜਾਣਕਾਰੀ ਹੋਵੇਗੀ।