
ਡੇਰਾਬੱਸੀ ਸ਼ਹਿਰ 'ਚ ਥਾਂ-ਥਾਂ 'ਤੇ ਲੱਗੇ ਕੂੜੇ ਦੇ ਢੇਰ ਨਗਰ ਕੌਂਸਲ ਦੀ ਕਾਰਗੁਜ਼ਾਰੀ 'ਤੇ ਸਵਾਲੀਆਂ ਨਿਸ਼ਾਨ ਲਗਾ ਰਹੇ ਹਨ ਜਦਕਿ ਨਗਰ ਕੌਂਸਲ ਅਧਿਕਾਰੀ..
ਡੇਰਾਬੱਸੀ, 22 ਅਗੱਸਤ (ਗੁਰਜੀਤ ਈਸਾਪੁਰ) : ਡੇਰਾਬੱਸੀ ਸ਼ਹਿਰ 'ਚ ਥਾਂ-ਥਾਂ 'ਤੇ ਲੱਗੇ ਕੂੜੇ ਦੇ ਢੇਰ ਨਗਰ ਕੌਂਸਲ ਦੀ ਕਾਰਗੁਜ਼ਾਰੀ 'ਤੇ ਸਵਾਲੀਆਂ ਨਿਸ਼ਾਨ ਲਗਾ ਰਹੇ ਹਨ ਜਦਕਿ ਨਗਰ ਕੌਂਸਲ ਅਧਿਕਾਰੀ ਅਪਣੇ ਦਫ਼ਤਰਾਂ ਤੋਂ ਏਸੀ ਦੀ ਹਵਾ ਛੱਡਣ ਲਈ ਤਿਆਰ ਨਹੀਂ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕੌਂਸਲ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ਦੀਆਂ ਸੜਕਾਂ ਗਲੀਆਂ ਦੇ ਕਿਨਾਰੇ ਕੂੜੇ ਦੇ ਲੱਗੇ ਢੇਰ ਪਿਛਲੇ ਕਾਫ਼ੀ ਸਮੇਂ ਤੋਂ ਜਿਉਂ ਦੇ ਤਿਉਂ ਵਿਖਾਈ ਦੇ ਰਹੇ ਹਨ। ਸੱਭ ਤੋਂ ਮੰਦੀ ਹਾਲਤ ਹੈਬਤਪੁਰ ਰੋਡ, ਬਰਵਾਲਾ ਰੋਡ 'ਤੇ ਸਥਿਤ ਸੈਣੀ ਭਵਨ ਨੇੜੇ ਦੀ ਹੈ, ਜਿਥੇ ਇਨ੍ਹਾਂ ਕੂੜੇ ਦੇ ਢੇਰਾਂ 'ਚੋਂ ਮਾਰਦੀ ਗੰਦੀ ਬਦਬੂ ਰਾਹਗੀਰਾਂ ਲਈ ਸਿਰਦਰਦੀ ਦਾ ਸਬੱਬ ਬਣੀ ਹੋਈ ਹੈ ਉਥੇ ਆਸਪਾਸ ਰਹਿੰਦੇ ਲੋਕਾਂ ਦਾ ਵੀ ਜਿਉਣਾ ਮੁਹਾਲ ਹੋਇਆ ਪਿਆ ਹੈ। ਇਨ੍ਹਾਂ ਥਾਵਾਂ 'ਤੇ ਕੌਂਸਲ ਵਲੋਂ ਨਾ ਤਾ ਕੋਈ ਕੂੜਾ ਸੁੱਟਣ ਵਾਲਾ ਕੰਟੇਨਰ ਰਖਿਆ ਹੋਇਆ ਹੈ ਅਤੇ ਨਾਂ ਹੀ ਇਥੋਂ ਇਸ ਕੂੜੇ ਨੂੰ ਕਈ-ਕਈ ਦਿਨ ਚੁਕਿਆਂ ਜਾਂਦਾ ਹੈ। ਜਦ ਇਕੱਠੇ ਹੋਏ ਕੂੜੇ ਦੇ ਢੇਰ ਦਾ ਅੰਬਾਰ ਲੱਗ ਜਾਂਦਾ ਹੈ ਤਾਂ ਇਨ੍ਹਾਂ ਨੂੰ ਚੁੱਕਣ ਦੀ ਵਜਾਏ ਅੱਗ ਲਗਾ ਕੇ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ।
ਅਵਾਰਾ ਪਸ਼ੂਆਂ ਵਲੋਂ ਅਪਣਾ ਭੋਜਨ ਤਲਾਸ਼ ਮੌਕੇ ਇਨਾਂ ਗੰਦਗੀ ਦੇ ਢੇਰਾਂ ਨੂੰ ਫਰੋਲੇ ਜਾਣ ਕਾਰਨ ਪੈਦਾ ਹੁੰਦੀ ਬਦਬੂ ਤੇ ਮੱਛਰਾਂ ਕਾਰਨ ਇਲਾਕੇ ਵਿਚ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਤੇ ਪ੍ਰਸ਼ਾਸਨਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਕੂੜੇ ਦੇ ਡੰਪਾਂ ਨੂੰ ਜਨਤਕ ਥਾਵਾਂ ਤੋਂ ਤੁਰਤ ਹਟਵਾ ਕੇ ਲੋਕਾਂ ਨੂੰ ਗੰਦਗੀ ਤੋਂ ਨਿਜਾਤ ਦਿਵਾਈ ਜਾਵੇ ਅਤੇ ਜਿਨ੍ਹਾਂ ਥਾਵਾਂ 'ਤੇ ਕੰਟੇਨਰ ਨਹੀਂ ਹਨ, ਉੱਥੇ ਕੰਟੇਨਰ ਰਖਵਾਏ ਜਾਣ ਅਤੇ ਵੇਲੇ ਸਿਰ ਖ਼ਾਲੀ ਕਰਵਾਏ ਜਾਣ।