
ਅੰਤਰਰਾਸ਼ਟਰੀ ਜੰਗਲਾਤ ਦਿਵਸ ਮੌਕੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਕੀਤੀ ਅਪੀਲ
ਚੰਡੀਗੜ: ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਵਾਤਾਵਰਣ ਨੂੰ ਮੁੜ ਹਰਿਆ-ਭਰਿਆ ਬਣਾਉਣ ਅਤੇ ਮਨੁੱਖੀ ਜੀਵਨ ਲਈ ਨਰੋਆ ਵਾਤਾਵਰਣ ਯਕੀਨੀ ਬਨਾਉਣ ਲਈ ਜੰਗਲਾਂ ਨੂੰ ਬਚਾਉਣਾ ਸਮੇਂ ਦੀ ਲੋੜ ਹੈ। ਇਸ ਕਰਕੇ ਅੰਤਰਰਾਸ਼ਟਰੀ ਜੰਗਲਾਤ ਦਿਵਸ ਮੌਕੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪੂਰੇ ਜੋਸ਼ ਨਾਲ ਅੱਗੇ ਆਉਣਾ ਚਾਹੀਦਾ ਹੈ।
Sadhu Singh Dharamsot
ਧਰਮਸੋਤ ਨੇ ਅੰਤਰਰਾ਼ਸ਼ਟਰੀ ਜੰਗਲਾਤ ਦਿਵਸ ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿਚ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ‘ਚ ਪਿਛਲੇ ਚਾਰ ਸਾਲਾਂ ਦੌਰਾਨ ਘਰ-ਘਰ ਹਰਿਆਲੀ ਸਕੀਮ ਅਧੀਨ ਸਭ ਤੋਂ ਵੱਧ ਇਕ ਕਰੋੜ ਬੂਟੇ ਲਗਾ ਕੇ ਪੰਜਾਬ ਮੋਹਰੀ ਸੂਬਾ ਬਣਿਆ ਹੈ। ਉਨਾਂ ਅੱਗੇ ਕਿਹਾ, “ਅਸੀਂ ਇਸ ਸਾਲ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਵਿਸ਼ੇਸ਼ ਸਮਾਗਮ ਨੂੰ ਇਸੇ ਉਤਸ਼ਾਹ ਨਾਲ ਮਨਾਵਾਂਗੇ ਅਤੇ ਸਾਫ-ਸੁਥਰੇ ਵਾਤਾਵਰਣ ਦੇ ਮਿਸ਼ਨ ਨੂੰ ਅੱਗੇ ਵਧਾਵਾਂਗੇ।
Sadhu Singh Dharamsot
ਇਸ ਮੌਕੇ ਲੋਕਾਂ ਨੂੰ ਵਧਾਈ ਦਿੰਦਿਆਂ ਜੰਗਲਾਤ ਮੰਤਰੀ ਨੇ ਅਪੀਲ ਕੀਤੀ ਕਿ ਉਹ ਜਨਮ ਦਿਨ ਅਤੇ ਧਾਰਮਿਕ ਤਿਉਹਾਰਾਂ ਵਰਗੇ ਮੌਕਿਆਂ ’ਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਹੋਰਾਂ ਨੂੰ ਵੀ ਉਤਸ਼ਾਹਿਤ ਕਰਨ। ਉਨਾਂ ਦੱਸਿਆ ਕਿ ਸੂਬਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਗਾਉਣ ਦੀ ਮੁਹਿੰਮ ਵੀ ਸਫਲਤਾ ਪੂਰਬਕ ਮੁਕੰਮਲ ਕੀਤੀ ਸੀ।
Sadhu Singh Dharamsot
ਧਰਮਸੋਤ ਨੇ ਕਿਹਾ ਕਿ ਹਰੇ-ਭਰੇ ਜੰਗਲ ਅਤੇ ਸਾਫ-ਸੁਥਰਾ ਵਾਤਾਵਰਣ ਸਾਨੂੰ ਜਾਨਲੇਵਾ ਵਾਇਰਸਾਂ ਤੋਂ ਬਚਾਉਣ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਕ ਪ੍ਰਫੁੱਲਤ ਕੁਦਰਤੀ ਵਾਤਾਵਰਣ ਰੋਜ਼ਗਾਰ ਅਤੇ ਰੋਜ਼ੀ-ਰੋਟੀ ਦੇ ਵਧੇਰੇ ਮੌਕੇ ਪ੍ਰਦਾਨ ਕਰਾਉਣ ਦੇ ਨਾਲ-ਨਾਲ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੁੰਦਾ ਹੈ।