
ਭਗਵੰਤ ਸਰਕਾਰ ਦੇ 10 ਕੈਬਨਿਟ ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ
ਹਰਪਾਲ ਚੀਮਾ ਤੇ ਮੀਤ ਹੇਅਰ ਨੂੰ ਛੱਡ ਕੇ ਬਾਕੀ ਸੱਭ 8 ਪਹਿਲੀ ਵਾਰ ਜਿੱਤੇ ਬਿਲਕੁਲ ਨਵੇਂ ਚਿਹਰੇ
ਚੰਡੀਗੜ੍ਹ, 19 ਮਾਰਚ (ਗੁਰਉਪਦੇਸ਼ ਭੁੱਲਰ): ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਦੀ ਨਵੀਂ ਬਣੀ ਭਗਵੰਤ ਮਾਨ ਸਰਕਾਰ ਦੇ 10 ਕੈਬਨਿਟ ਮੰਤਰੀਆਂ ਨੇ ਵੀ ਅੱਜ ਅਪਣੇ ਅਹੁਦੇ ਦੀ ਸਹੁੰ ਚੁਕ ਲਈ ਹੈ | ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਰਾਜ ਭਵਨ ਵਿਚ ਹੋਏ ਸਮਾਗਮ ਵਿਚ ਇਨ੍ਹਾਂ ਮੰਤਰੀਆਂ ਨੂੰ ਸਹੁੰ ਚੁਕਵਾਈ |
ਵਰਨਣਯੋਗ ਗੱਲ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਆਏ ਹੈਰਾਨੀਜਨਕ ਨਤੀਜਿਆਂ ਵਾਂਗ ਹੀ 'ਆਪ' ਵਲੋਂ ਕੀਤੀ ਗਈ ਮੰਤਰੀ ਮੰਡਲ ਮੈਂਬਰਾਂ ਦੀ ਚੋਣ ਵੀ ਬਹੁਤ ਹੈਰਾਨੀਜਨਕ ਰਹੀ | ਸੱਭ ਅਨੁਮਾਵਾਂ ਦੇ ਉਲਟ ਬਣਾਏ ਗਏ 10 ਮੰਤਰੀਆਂ ਵਿਚੋਂ 8 ਪਹਿਲੀ ਵਾਰ ਜਿੱਤਣ ਵਾਲੇ ਨਵੇਂ ਚਿਹਰੇ ਹਨ ਅਤੇ ਸਿਰਫ਼ ਦੂਜੀ ਵਾਰ ਜਿੱਤਣ ਵਾਲੇ ਦੋ ਚਿਹਰੇ ਹੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਗਏ ਹਨ | ਸ਼ਾਮਲ ਕੀਤੇ ਗਏ ਨਵੇਂ ਚਿਹਰੇ ਵੀ ਅਜਿਹੇ ਹਨ ਜਿਨ੍ਹਾਂ ਨੂੰ ਖ਼ੁਦ ਵੀ ਨਹੀਂ ਸੀ ਪਤਾ ਕਿ ਉਨ੍ਹਾਂ ਨੂੰ ਵੀ ਮੰਤਰੀ ਲਾਇਆ ਜਾ ਸਕਦਾ ਹੈ | ਮੰਤਰੀ ਮੰਡਲ ਦੀਆਂ 7 ਥਾਵਾਂ ਹਾਲੇ ਖ਼ਾਲੀ ਰੱਖੀਆਂ ਗਈਆਂ ਹਨ ਅਤੇ ਇਹ ਥਾਵਾਂ ਬਾਅਦ ਵਿਚ ਮੰਤਰੀ ਮੰਡਲ ਦਾ ਵਿਸਤਾਰ ਕਰ ਕੇ ਭਰੀਆਂ ਜਾਣਗੀਆਂ |
ਅੱਜ ਜਿਹੜੇ 10 ਕੈਬਨਿਟ ਮੰਤਰੀਆਂ ਨੇ ਸਹੁੰ ਚੁਕੀ ਹੈ, ਉਨ੍ਹਾਂ ਵਿਚ ਵਿਰੋਧੀ ਧਿਰ ਦੇ ਨੇਤਾ ਰਹੇ ਅਤੇ ਦੂਜੀ ਵਾਰ ਹਲਕਾ ਦਿੜ੍ਹਬਾ ਤੋਂ ਜਿੱਤੇ ਹਰਪਾਲ ਚੀਮਾ ਅਤੇ ਬਰਨਾਲਾ ਤੋਂ ਦੂਜੀ ਵਾਰ ਜਿੱਤੇ ਗੁਰਮੀਤ ਸਿੰਘ ਮੀਤ ਹੇਅਰ ਪੁਰਾਣੇ ਚਿਹਰੇ ਹਨ | ਮਾਲਵਾ ਖੇਤਰ 5, ਮਾਝਾ ਵਿਚੋਂ 4 ਅਤੇ ਦੋਆਬਾ ਤੋਂ 1 ਮੰਤਰੀ ਲਿਆ ਗਿਆ ਹੈ | ਇਨ੍ਹਾਂ ਵਿਚ ਤਿੰਨ ਐਸ.ਸੀ. ਵਰਗ ਦੇ, ਚਾਰ ਹਿੰਦੂ ਅਤੇ ਇਕ ਔਰਤ ਮੈਂਬਰ ਸ਼ਾਮਲ ਹੈ |
ਜਿਹੜੇ 8 ਨਵੇਂ ਚਿਹਰੇ ਪਹਿਲੀ ਵਾਰ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਵਿਚ ਮਾਲਵਾ ਤੋਂ ਮਾਨਸਾ ਹਲਕੇ ਤੋਂ ਜਿੱਤਣ ਵਾਲੇ ਡਾ. ਵਿਜੈ ਕੁਮਾਰ ਸਿੰਗਲਾ, ਮਲੋਟ ਰਿਜ਼ਰਵ ਤੋਂ ਡਾ. ਬਲਜੀਤ ਕੌਰ, ਅਨੰਦਪੁਰ ਸਾਹਿਬ ਹਲਕੇ ਤੋਂ ਹਰਜੋਤ ਸਿੰਘ ਬੈਂਸ, ਮਾਝਾ ਖੇਤਰ ਦੇ ਹਲਕਾ ਜੰਡਿਆਲਾ ਤੋਂ ਹਰਭਜਨ ਸਿੰਘ ਈ.ਟੀ.ਓ., ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਭੋਆ ਤੋਂ ਲਾਲ ਚੰਦ ਕਟਾਰੂਚੱਕ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ ਅਤੇ ਦੋਆਬਾ ਖੇਤਰ ਦੇ ਹਲਕਾ ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਸ਼ਾਮਲ ਹਨ |
ਦੂਜੀ ਵਾਰ ਜਿੱਤੇ 'ਆਪ' ਦੇ ਸੀਨੀਅਰ ਵਿਧਾਇਕ ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂਕੇ, ਜੈ ਕਿਸ਼ਨ ਸਿੰਘ ਰੌੜੀ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੂੰ ਮੰਤਰ ਮੰਡਲ ਵਿਚੋਂ ਬਾਹਰ ਰਖਿਆ ਗਿਆ ਹੈ | ਵੱਡੇ ਚੇਹਰਿਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਹਰਾਉਣ ਵਾਲੇ 'ਆਪ' ਦੇ ਜੇਤੂ ਵਿਧਾਇਕਾਂ ਨੂੰ ਵੀ ਮੰਤਰੀ ਮੰਡਲ ਵਿਚ ਥਾਂ ਨਹੀਂ ਦਿਤੀ ਗਈ | ਹੋ ਸਕਦਾ ਹੈ ਇਨ੍ਹਾਂ ਵਿਚੋਂ ਕੁੱਝ ਨੂੰ ਮੰਤਰ ਮੰਡਲ ਦੇ ਅਗਲੇ ਵਿਸਥਾਰ ਵਿਚ ਥਾਂ ਦਿਤੀ ਜਾਵੇ | ਚਰਚਾ ਹੈ ਕਿ ਮੰਤਰੀ ਮੰਡਲ ਦੇ ਮੈਂਬਰਾਂ ਦੀ ਚੋਣ ਵਿਚ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਦੀ ਅਹਿਮ ਭੂਮਿਕਾ ਰਹੀ ਹੈ |
ਨਵੇਂ ਬਣੇ ਮੰਤਰੀਆਂ ਦੀ ਸੰਖੇਪ ਜਾਣ ਪਛਾਣ
ਹਰਪਾਲ ਸਿੰਘ ਚੀਮਾ : ਪੇਸ਼ੇ ਤੋਂ ਵਕੀਲ ਹਰਪਾਲ ਸਿੰਘ ਚੀਮਾ ਧੂਰੀ ਦੇ ਪਿੰਡ ਚੀਮਾ ਦੇ ਰਹਿਣ ਵਾਲੇ ਹਨ | ਪੰਜਾਬੀ ਯੂਨੀਵਰਸਿਟੀ ਵਿਚ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਤੋਂ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ | ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਰਹੇ ਅਤੇ ਸੁਖਪਾਲ ਸਿੰਘ ਖਹਿਰਾ ਦੀ ਥਾਂ ਪਿਛਲੀ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣੇ ਸਨ |
ਮੀਤ ਹੇਅਰ : ਬਰਨਾਲਾ ਨਾਲ ਸਬੰਧਤ ਖੇਤੀਬਾੜੀ ਦੇ ਕਾਰੋਬਾਰ ਨਾਲ ਜੁੜੇ ਹਨ ਅਤੇ ਵਿਵੇਕਾਨੰਦ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਬੀ.ਟੈਕ ਹਨ | ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਵੀ ਤਿਆਰੀ ਕੀਤੀ ਸੀ ਅਤੇ ਅੰਨਾ ਹਜ਼ਾਰੇ ਅੰਦੋਲਨ ਸਮੇਂ ਕੇਜਰੀਵਾਲ ਨਾਲ ਜੁੜੇ ਸਨ |
ਡਾ. ਬਲਜੀਤ ਕੌਰ : ਫ਼ਰੀਦਕੋਟ ਤੋਂ 'ਆਪ' ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦੀ ਧੀ ਹਨ | 2014 ਵਿਚ ਪਿਤਾ ਲਈ ਚੋਣ ਵਿਚ ਕੰਮ ਕਰਦਿਆਂ 'ਆਪ' ਵਲ ਝੁਕਾਅ ਹੋਇਆ ਸੀ | ਅੱਖਾਂ ਦੇ ਡਾਕਟਰ ਹਨ ਅਤੇ ਭਾਰਤ ਸਰਕਾਰ ਤੋਂ ਵਧੀਆ ਸਰਜਨ ਦਾ ਐਵਾਰਡ ਮਿਲਿਆ ਹੈ | 4 ਮਹੀਨੇ ਪਹਿਲਾਂ ਡਾਕਟਰ ਦ ਨੌਕਰੀ ਛੱਡੀ ਸੀ |
ਹਰਜੋਤ ਸਿੰਘ ਬੈਂਸ: ਰੋਪੜ ਜ਼ਿਲ੍ਹੇ ਦੇ ਗੰਭੀਰਪੁਰ ਪਿੰਡ ਦੇ ਵਾਸੀ ਹਨ | ਬੀ.ਏ.ਐਲ.ਐਲ.ਬੀ ਕਰਨ ਬਾਅਦ ਵਕਾਲਤ ਦੇ ਪੇਸ਼ੇ ਵਿਚ ਸਨ | ਪਿਛਲੀ ਚੋਣ ਹਾਰ ਗਏ ਸਨ ਅਤੇ ਇਸ ਵਾਰ ਸਪੀਕਰ ਰਾਣਾ ਕੇ.ਪੀ. ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਹਰਾਇਆ ਹੈ | ਕੇਜਰੀਵਾਲ ਦੇ ਕਾਫ਼ੀ ਨੇੜੇ ਮੰਨੇ ਜਾਂਦੇ ਹਨ |
ਲਾਲ ਚੰਦ ਕਟਾਰੂਚੱਕ : ਸਰਹੱਦੀ ਖੇਤਰ ਦੇ ਹਲਕੇ ਭੋਆ ਤੋਂ 10ਵੀਂ ਪਾਸ ਲਾਲ ਚੰਦ ਪਿੰਡ ਕਟਾਰੂਚੱਕ ਤੋਂ ਹਨ | ਲੰਬੇ ਸਮੇਂ ਤੋਂ ਪਿੰਡ ਦੇ ਸਰਪੰਚ ਚਲੇ ਆ ਰਹੇ ਹਨ | ਪਿਛਲੇ ਸਮੇ ਵਿਚ ਮੰਗਲ ਰਾਮ ਪਾਸਲਾ ਦੀ ਅਗਵਾਈ ਵਾਲੀ ਮਾਰਕਸਵਾਦੀ ਕਮਿਊਨਿਟ ਪਾਰਟੀ ਛੱਡ ਕੇ 'ਆਪ' ਵਿਚ ਸ਼ਾਮਲ ਹੋ ਗਏ ਸਨ |
ਲਾਲਜੀਤ ਸਿੰਘ ਭੁੱਲਰ : ਪੱਟੀ ਹਲਕੇ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਹਰਮੰਦਰ ਸਿੰਘ ਗਿੱਲ ਨੂੰ ਹਰਾ ਕੇ ਜੇਤੂ ਬਣੇ ਹਨ | 12ਵੀਂ ਪਾਸ ਭੁੱਲਰ ਸਮਾਜ ਸੇਵੀ ਹੋਣ ਨਾਲ ਕਮਿਸ਼ਨ ਏਜੰਟ ਦਾ ਵੀ ਕੰਮ ਕਰਦੇ ਹਨ |
ਹਰਭਜਨ ਸਿੰਘ : ਅਜਨਾਲਾ ਹਲਕੇ ਤੋਂ ਜੇਤੂ ਹਰਭਜਨ ਸਿੰਘ ਈ.ਟੀ.ਓ. ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਬਾਅਦ 'ਆਪ' ਵਿਚ ਆਏ | ਪਿਛਲੀ ਚੋਣ ਹਾਰ ਗਏ ਸਨ ਪਰ ਪਾਰਟੀ ਨਾਲ ਜੁੜੇ ਰਹੇ ਤੇ ਇਸ ਵਾਰ ਜਿੱਤ ਪ੍ਰਾਪਤ ਕੀਤੀ |
ਬ੍ਰਹਮ ਸ਼ੰਕਰ : ਹੁਸ਼ਿਆਰਪੁਰ ਹਲਕੇ ਤੋਂ ਦੋ ਸਾਬਕਾ ਮੰਤਰੀਆਂ ਸੁੰਦਰ ਸ਼ਾਮ ਅਰੋੜਾ ਅਤੇ ਤੀਕਸ਼ਨ ਸੂਦ ਨੂੰ ਹਰਾ ਕੇ ਸਫ਼ਲ ਹੋਏ ਹਨ | ਕੌਂਸਲਰ ਵਜੋਂ ਸ਼ਹਿਰ ਵਿਚ ਕੰਮ ਕਰਨ ਸਮੇਂ ਲੋਕਪਿ੍ਅ ਹੋਏ ਸਨ | ਉਹ 12ਵੀਂ ਪਾਸ ਹਨ |
ਕੁਲਦੀਪ ਸਿੰਘ ਧਾਲੀਵਾਲ : ਮਾਝਾ ਖੇਤਰ ਵਿਚ ਸ਼ੁਰੂ ਤੋਂ ਹੀ 'ਆਪ' ਲਈ ਸਰਗਰਮ ਰਹੇ | 2014 ਦੀ ਲੋਕ ਸਭਾ ਚੋਣ ਵੀ ਲੜੀ ਪਰ ਸਫ਼ਲ ਨਹੀਂ ਹੋਏ ਸਨ | 'ਆਪ' ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਹੇ | ਪਿੰਡ ਜਗਦੇਵ ਕਲਾਂ ਦੇ ਵਾਸੀ ਸਮਾਜ ਸੇਵੀ ਵੀ ਹਨ ਅਤੇ ਕੁੱਝ ਸਮਾਂ ਵਿਦੇਸ਼ ਵੀ ਚਲੇ ਗਏ ਸਨ ਪਰ ਵਾਪਸ ਪਰਤ ਆਏ |
ਡਾ. ਵਿਜੈ ਸਿੰਗਲਾ : ਮਾਨਸਾ ਹਲਕੇ ਤੋਂ ਚਰਚਿਤ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਨੂੰ 63 ਹਜ਼ਾਰ ਵੋਟਾਂ ਦੇ ਰੀਕਾਰਡ ਫ਼ਰਕ ਨਾਲ ਹਰਾਇਆ ਹੈ | ਪਿੰਡ ਭੂਪਾਲ ਦੇ ਵਸਨੀਕ ਡਾ. ਸਿੰਗਲਾ ਦੰਦਾਂ ਦੇ ਡਾਕਟਰ ਹਨ ਅਤੇ ਉਨ੍ਹਾਂ ਦੇ ਪਿਤਾ ਦੀ ਪਿੰਡ ਵਿਚ ਕਰਿਆਨੇ ਦੀ ਦੁਕਾਨ ਸੀ |