
ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਬੇਵਕਤੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨਾਂ ਦੇ ਭੋਗ ਮੌਕੇ ਮੁੱਖ
ਅੰਮਿ੍ਰਤਸਰ, 19 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਬੇਵਕਤੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨਾਂ ਦੇ ਭੋਗ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜੇ ਸ਼ੋਕ ਸੰਦੇਸ਼ ਵਿਚ ਲਿਖਿਆ ਗਿਆ ਹੈ ਕਿ ਸਰਕਾਰ ਨੇ ਲੋਹੀਆਂ (ਸ਼ਾਹਕੋਟ), ਜਿਥੇ ਕਿ ਭਾਈ ਸਾਹਿਬ ਦਾ ਪਿੰਡ ਹੈ, ਵਿਖੇ ਬਣ ਰਹੀ ਨਵੀਂ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ) ਦਾ ਨਾਮ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਉਨ੍ਹਾਂ ਦੇ ਨਾਂ ਉਤੇ ਰੱਖਣ ਦਾ ਫ਼ੈਸਲਾ ਕੀਤਾ ਹੈ।
ਅੱਜ ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਖਾਲਸਾ ਨਮਿਤ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਮੁੱਖ ਮੰਤਰੀ ਪੰਜਾਬ ਦਾ ਸ਼ੋਕ ਸੰਦੇਸ਼ ਲੈ ਕੇ ਪੁੱਜੇ ਐਸ ਡੀ ਐਮ ਅੰਮ੍ਰਿਤਸਰ ਇਕ ਵਿਕਾਸ ਹੀਰਾ ਅਤੇ ਕਾਂਗਰਸ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਤੋਂ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਇਹ ਸ਼ੋਕ ਸੰਦੇਸ਼ ਉਨਾਂ ਦੇ ਪਰਵਾਰ ਨੂੰ ਦਿਤਾ।
File photo
ਮੁੱਖ ਮੰਤਰੀ ਨੇ ਅਪਣੇ ਸੰਦੇਸ਼ ਵਿਚ ਲਿਖਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਨੇ ਅਨਿਨ ਸੇਵਕ, ਬਚਪਨ ਤੋਂ ਹੀ ਗੁਰਮਿਤ ਸੰਗੀਤ ਨੂੰ ਪ੍ਰਣਾਏ ਅਤੇ ਗੁਰਮਿਤ ਦੇ ਸਾਰੇ ਰਾਗਾਂ ਵਿਚ ਪ੍ਰਪੱਕ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਬੇਵਕਤੀ ਅਕਾਲ ਚਲਾਣਾ ਕਰ ਜਾਣ ਨਾਲ ਮੈਨੂੰ ਡੂੰਘਾ ਦੁੱਖ ਹੋਇਆ ਹੈ। ਭਾਈ ਸਾਹਿਬ ਦਾ ਵਿਛੋੜਾ ਉਨਾਂ ਦੇ ਸਕੇ ਸਬੰਧੀਆਂ, ਪੰਜਾਬ ਤੇ ਦੇਸ਼-ਵਿਦੇਸ਼ ਵਸਦੇ ਉਨਾਂ ਦੇ ਹਜ਼ਾਰਾਂ ਪ੍ਰਸੰਸਕਾਂ ਲਈ ਇਕ ਵੱਡਾ ਘਾਟਾ ਹੈ ਅਤੇ ਮੈਂ ਉਨਾਂ ਸਾਰਿਆਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ।
ਮੈਂ ਭਾਈ ਸਾਹਿਬ ਜੀ ਦੀ ਆਤਮਿਕ ਸਾਂਤੀ ਵਾਸਤੇ ਅਤੇ ਉਨਾਂ ਦੇ ਪਰਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ। ਸ਼ੋਕ ਸੰਦੇਸ਼ ਵਿਚ ਲਿਖਿਆ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਪੰਜਾਬ ਸਰਕਾਰ ਨੇ ਲੋਹੀਆਂ (ਸ਼ਾਹਕੋਟ) ਵਿਖੇ ਨਵੀਂ ਬਣਨ ਜਾ ਰਹੀ ਉਦਯੋਗਿਕ ਸਿਖਲਾਈ ਸੰਸਥਾ ਉਨਾਂ ਦੇ ਨਾਉਂ ਉਤੇ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।