
ਦੇਸ ਭਰ ’ਚ ਕੋਰੋਨਾ ਵਾਇਰਸ ਕਾਰਨ ਲਾਗੂ ਕੀਤੀ ਤਾਲਾਬੰਦੀ ਤੋਂ ਪਹਿਲਾਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਨਤਮਤਸਕ ਹੋਣ ਗਏ ਹਜ਼ਾਰਾਂ ਪੰਜਾਬੀ ਸਰਧਾਲੂਆਂ ਦੀ
ਬਠਿੰਡਾ, 19 ਅਪ੍ਰੈਲ (ਸੁਖਜਿੰਦਰ ਮਾਨ): ਦੇਸ ਭਰ ’ਚ ਕੋਰੋਨਾ ਵਾਇਰਸ ਕਾਰਨ ਲਾਗੂ ਕੀਤੀ ਤਾਲਾਬੰਦੀ ਤੋਂ ਪਹਿਲਾਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਨਤਮਤਸਕ ਹੋਣ ਗਏ ਹਜ਼ਾਰਾਂ ਪੰਜਾਬੀ ਸਰਧਾਲੂਆਂ ਦੀ ਵਾਪਸੀ ਦਾ ਰਾਹ ਖੁੱਲ੍ਹ ਗਿਆ ਹੈ। ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਕੀਤੇ ਯਤਨਾਂ ਅਤੇ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਦਖਲਅੰਦਾਜ਼ੀ ਤੋਂ ਬਾਅਦ ਕੇਂਦਰੀ ਗ੍ਰਹਿ ਵਿਭਾਗ ਵਲੋਂ ਮਹਾਰਾਸ਼ਟਰ ਸਰਕਾਰ ਨੂੰ ਇੰਨ੍ਹਾਂ ਯਾਤਰੂਆਂ ਦੀ ਵਾਪਸੀ ਲਈ ਹਰੀ ਝੰਡੀ ਦੇ ਦਿਤੀ ਹੈ। ਹਾਲਾਂਕਿ ਹਾਲੇ ਇਹ ਗੱਲ ਤੈਅ ਨਹੀਂ ਹੋ ਸਕੀ ਹੈ ਕਿ ਇੰਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਸਰਕਾਰ ਅਪਣੇ ਸਾਧਨਾਂ ਰਾਹੀ ਲੈ ਕੇ ਆਵੇਗੀ ਜਾਂ ਫ਼ਿਰ ਮਹਾਰਾਸ਼ਟਰ ਸਰਕਾਰ ਵਲੋਂ ਪ੍ਰਬੰਧ ਕੀਤੇ ਜਾਣਗੇ।
File photo
ਅੱਜ ਬਾਅਦ ਦੁਪਿਹਰ ਜਾਰੀ ਇੱਕ ਵੀਡੀਉ ਸੁਨੇਹੇ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚ ਬੀਬੀ ਬਾਦਲ ਨੇ ਦਾਅਵਾ ਕੀਤਾ ਹੈ ਕਿ ਇਸ ਸਬੰਧ ਵਿਚ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਅਪੀਲ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਇੰਨ੍ਹਾਂ ਸਰਧਾਲੂਆਂ ਨੂੰ ਵਾਪਸ ਭੇਜਣ ਦੀ ਮੰਨਜ਼ੂਰੀ ਦਿਤੀ ਹੈ। ਇਸਤੋਂ ਇਲਾਵਾ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਇਸ ਸਬੰਧ ਵਿਚ ਮਹਾਰਾਸ਼ਟਰ ਦੇ ਮੁੱਖ ਸਕੱਤਰ ਨਾਲ ਵੀ ਗੱਲਬਾਤ ਹੋ ਚੁੱਕੀ ਹੈ। ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਅੱਜ ਮਹਾਰਾਸ਼ਟਰ ਸਰਕਾਰ ਨੂੰ ਮੰਨਜ਼ੂਰੀ ਵਾਲਾ ਪੱਤਰ ਭੇਜਿਆ ਹੈ।
ਜਿਕਰਯੋਗ ਹੈ ਕਿ ਸ਼੍ਰੀ ਹਜ਼ੂਰ ਸਾਹਿਬ ਫਸੇ ਸ਼ਰਧਾਲੂਆਂ ਨੂੰ ਬੇੱਸ਼ਕ ਲੰਗਰ-ਪਾਣੀ ਗੁਰਦੁਆਰਾ ਸਾਹਿਬ ’ਚ ਮਿਲ ਰਿਹਾ ਹੈ ਪਰ ਉਹ ਪੰਜਾਬ ’ਚ ਕਣਕ ਦੀ ਵਾਢੀ ਅਤੇ ਅਪਣੇ ਪ੍ਰਵਾਰ ਨਾਲ ਮਿਲਣ ਦੀ ਤਾਂਘ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਵਾਪਸੀ ਲਈ ਅਰਜੋਈਆਂ ਕਰ ਰਹੇ ਸਨ। ਇਹੀ ਨਹੀਂ ਦਰਜ਼ਨਾਂ ਸਰਧਾਲੂ ਤਾਂ ਅਪਣੇ ਸਾਧਨ ਕਰਵਾ ਕੇ ਵੀ ਵਾਪਸ ਚੱਲੇ ਸਨ ਪ੍ਰੰਤੂ ਰਾਸਤੇ ਵਿਚ ਉਨ੍ਹਾਂ ਨੂੰ ਰੋਕ ਦਿਤਾ ਗਿਆ ਸੀ। ਪਤਾ ਲਗਿਆ ਹੈ ਕਿ ਹਜ਼ੂਰ ਸਾਹਿਬ ਫ਼ਸੇ ਇੰਨ੍ਹਾਂ ਸਰਧਾਲੂਆਂ ਵਿਚ ਬਠਿੰਡਾ ਜ਼ਿਲ੍ਹੇ ਦੇ ਵੀ ਕਰੀਬ 70 ਪਰਵਾਰ ਸ਼ਾਮਲ ਹਨ।