
ਰੇਮਡੇਸਿਵਿਰ ਟੀਕੇ ਦੀ ਜਮਾਂਖ਼ੋਰੀ ਨੂੰ ਲੈ ਕੇ ਮਹਾਰਾਸ਼ਟਰ ਦੀਆਂ ਸਿਆਸੀ ਪਾਰਟੀਆਂ ਵਿਚਾਲੇ ਸ਼ਬਦੀ ਜੰਗ ਤੇਜ਼..
ਮੁੰਬਈ, 19 ਅਪ੍ਰੈਲ : ਮਹਾਰਾਸ਼ਟਰ ਵਿਚ ਹੁਣ ਕੋਰੋਨਾ ਵਿਰੁਧ ਜੰਗ 'ਚ ਵਰਤੇ ਜਾਣ ਵਾਲੇ ਰੇਮਡੇਸਿਵਿਰ ਟੀਕੇ ਨੂੰ ਲੈ ਕੇ ਸਿਆਸਤ ਭਖ ਗਈ ਹੈ | ਇਸ ਟੀਕੇ ਦੀ ਸਪਲਾਈ ਕਰਨ ਵਾਲੀ ਦਮਨ ਦੀ ਇਕ ਦਵਾਈ ਕੰਪਨੀ ਦੇ ਨਿਰਦੇਸ਼ਕ ਨਾਲ ਭਾਜਪਾ ਆਗੂਆਂ ਦੀ ਮੁਲਾਕਾਤ ਪਿੱਛੋਂ ਹੰਗਾਮਾ ਖੜਾ ਹੋ ਗਿਆ ਹੈ | ਮਹਾਰਾਸ਼ਟਰ ਪੁਲਿਸ ਨੇ ਨਿਰਦੇਸ਼ਕ ਨੂੰ ਭਾਜਪਾ ਵਲੋਂ ਟੀਕੇ ਦੀ ਜਮਾਂਖ਼ੋਰੀ ਸਬੰਧੀ ਥਾਣੇ ਸੱਦ ਕੇ ਪੁੱਛਗਿਛ ਕੀਤੀ | ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਉਕਤ ਟੀਕੇ ਨੂੰ ਖ਼ਰੀਦ ਕੇ ਉਸ ਦੀ ਜਮਾਂਖ਼ੋਰੀ ਕਰਨ ਦਾ ਦੋਸ਼ ਲਾਇਆ ਹੈ |
ਭਾਜਪਾ ਦੇ ਇਕ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦਵਿੰਦਰ ਫ਼ੜਨਵੀਸ ਨੇ ਐਤਵਾਰ ਕਿਹਾ ਕਿ 4 ਦਿਨ ਪਹਿਲਾਂ ਉਨ੍ਹਾਂ ਬਰੁਕ ਫਾਰਮਾ ਨੂੰ ਰੇਮਡੇਸਿਵਿਰ ਟੀਕੇ ਦੀ ਸਪਲਾਈ ਕਰਨ ਦੀ ਬੇਨਤੀ ਕੀਤੀ ਸੀ ਪਰ ਸਰਕਾਰ ਵਲੋਂ ਆਗਿਆ ਮਿਲਣ ਤਕ ਉਹ ਅਜਿਹਾ ਨਹੀਂ ਕਰ ਸਕਦੀ ਸੀ | ਇਸ 'ਤੇ ਉਨ੍ਹਾਂ ਨੇ ਕੇਂਦਰੀ ਮੰਤਰੀ ਮਨਸੁਖ ਮਾਨਡਵੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਖ਼ੁਰਾਕ ਅਤੇ ਔਸ਼ਧੀ ਪ੍ਰਸ਼ਾਸਨ (ਐਫ਼.ਡੀ.ਏ.) ਦੀ ਆਗਿਆ ਲੈ ਕੇ ਦਿਤੀ | ਫੜਨਵੀਸ ਨੇ ਮੁੰਬਈ ਪੁਲਿਸ ਵਲੋਂ ਦਵਾਈ ਕੰਪਨੀ ਦੇ ਅਧਿਕਾਰੀਆਂ ਕੋਲੋਂ ਪੁੱਛਗਿਛ ਕਰਨ 'ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਦੀ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਮਹਾਮਾਰੀ
ਦੌਰਾਨ ਸਿਆਸਤ ਕਰ ਰਹੀ ਹੈ |
ਇਸ ਦੇ ਜਵਾਬ ਵਿਚ ਸੂਬਾਈ ਕਾਂਗਰਸ ਦੇ ਬੁਲਾਰੇ ਸਚਿਨ ਨੇ ਟਵੀਟ ਕੀਤਾ, ''ਇਕ ਕਾਰੋਬਾਰੀ ਲਈ ਅੱਧੀ ਰਾਤ ਨੂੰ ਦਵਿੰਦਰ ਫਡਨਵੀਸ ਅਤੇ ਪ੍ਰਵੀਨ ਦਾ ਥਾਣੇ ਜਾਣਾ ਅਤੇ ਮੁੰਬਈ ਪੁਲਿਸ 'ਤੇ ਦਬਾਅ ਪਾਉਣਾ ਹੈਰਾਨੀਜਨਕ ਹੈ | ਮਹਾਮਾਰੀ ਸਮੇਂ ਰੇਮਡੇਸਿਵਿਰ ਦੀ ਕਮੀ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ | ਕੀ ਅਜਿਹੇ ਹਾਲਾਤ 'ਚ ਪੁਲਿਸ ਪੁੱਛਗਿਛ ਵੀ ਨਹੀਂ ਕਰ ਸਕਦੀ?''
ਇਸ ਦੌਰਾਨ 'ਆਪ' ਦੇ ਨੇਤਾ ਪ੍ਰੀਤੀ ਸ਼ਰਮਾ ਨੇ ਕਿਹਾ ਹੈ ਕਿ ਫਡਨਵੀਸ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੇ ਇਕ ਨੇਤਾ ਪ੍ਰਸਾਦ ਲਾਡ ਭਗਵਾ ਪਾਰਟੀ ਵਲੋਂ ਦਮਨ ਗਏ ਸਨ | ਉੱਥੇ ਉਨ੍ਹਾਂ ਉਕਤ ਫਰਮ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ | ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਸਥਾਨਕ ਪੱਧਰ 'ਤੇ ਰੇਮਡੇਸਿਵਿਰ ਦੀ ਵਿਕਰੀ ਲਈ ਪ੍ਰਵਾਨਗੀ ਲੈਣ 'ਚ ਕੇਂਦਰ ਸਰਕਾਰ ਦੀ ਵਰਤੋਂ ਕੀਤੀ ਅਤੇ ਫਿਰ ਭਾਜਪਾ ਨੇ ਉਕਤ ਫਰਮ ਕੋਲੋਂ ਰੇਮਡੇਸਿਵਿਰ ਦਾ ਭੰਡਾਰ ਖ਼ਰੀਦ ਲਿਆ | ਉਨ੍ਹਾਂ ਕਿਹਾ ਕਿ ਕਿਸੇ ਸਿਆਸੀ ਪਾਰਟੀ ਵਲੋਂ ਦਾਨ ਕਰਨ ਲਈ ਜਾਂ ਕਿਸੇ ਵਸਤੂ ਨੂੰ ਵੱਡੇ ਪੰਧਰ 'ਤੇ ਖ਼ਰੀਦਣਾ ਗ਼ੈਰ-ਕਾਨੂੰਨੀ ਹੈ | (ਏਜੰਸੀ)
ਕੀ ਹੈ ਰੇਮਡੇਸਿਵਿਰ ਤੇ ਕੀ ਹੈ ਪੂਰਾ ਮਾਮਲਾ
ਅਸਲ ਵਿਚ ਕੋਰੋਨਾ ਲਾਗ ਦੇ ਉਪਚਾਰ ਵਿਚ ਮਹੱਤਵਪੂਰਨ ਮੰਨੀ ਜਾਣ ਵਾਲੀ ਰੇਮਡੇਸਿਵਿਰ ਦਵਾਈ ਦੀਆਂ ਹਜ਼ਾਰਾਂ ਸ਼ੀਸ਼ੀਆਂ ਦੇਸ਼ ਤੋਂ ਬਾਹਰ ਭੇਜਣ ਦੀ ਤਿਆਰੀ ਦੀ ਖ਼ਬਰ ਮਿਲਣ 'ਤੇ ਮੁੰਬਈ ਪੁਲਿਸ ਨੇ ਇਕ ਫਾਰਮਾ ਕੰਪਨੀ ਦੇ ਨਿਰਦੇਸ਼ਕ ਤੋਂ ਪੁੱਛਗਿਛ ਕੀਤੀ | ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਰੇਮਡੇਸਿਵਿਰ ਦੇ ਨਿਰਯਾਤ 'ਤੇ ਪਾਬੰਦੀ ਹੈ ਪਰ ਸੂਚਨਾ ਮਿਲੀ ਸੀ ਕਿ ਉਸ ਦੀ ਖੇਪ ਮਾਲਵਾਹਕ ਜਹਾਜ਼ ਰਾਹੀਂ ਵਿਦੇਸ਼ ਭੇਜੀ ਜਾਣੀ ਹੈ | ਪੁਲਿਸ ਨੇ ਸਨਿਚਰਵਾਰ ਦੀ ਰਾਤ ਕੇਂਦਰ ਸ਼ਾਸਤ ਪ੍ਰਦੇਸ਼ ਦਮਨ ਆਧਾਰਤ ਬਰੁਕ ਫਾਰਮਾ ਕੰਪਨੀ ਦੇ ਨਿਰਦੇਸ਼ਕ ਰਾਜੇਸ਼ ਡੋਕਾਨਿਆ ਤੋਂ ਪੁੱਛਗਿਛ ਕੀਤੀ ਸੀ | ਉਨ੍ਹਾਂ ਦੀ ਕੰਪਨੀ ਰੇਮਡੇਸਿਵਿਰ ਦਾ ਉਤਪਾਦਨ ਕਰਦੀ ਹੈ | ਡੋਕਾਨਿਆ ਤੋਂ ਪੁੱਛਗਿਛ ਕੀਤੇ ਜਾਣ ਦੀ ਖ਼ਬਰ ਮਿਲਣ 'ਤੇ ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਅਤੇ ਸੂਬੇ ਭਾਜਪਾ ਦੇ ਹੋਰ ਆਗੂ ਪ੍ਰਵੀਣ ਦਾਰੇਕਰ ਪੁਲਿਸ ਥਾਣੇ ਪਹੁੰਚ ਗਏ ਸਨ |