
ਸਾਬਕਾ ਡਿਪਟੀ ਸਪੀਕਰ ਨੇ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਦੀ ਰਿਹਾਇਸ਼ ‘ਤੇ ਪੰਜਾਬ ਪੁਲਿਸ ਦੇ ਛਾਪੇ ਦੀ ਕੀਤੀ ਨਿਖੇਧੀ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ‘ਆਪ’ ਦੇ ਸਾਬਕਾ ਆਗੂ ਅਤੇ ਕਵੀ ਡਾ. ਕੁਮਾਰ ਵਿਸ਼ਵਾਸ ਅਤੇ ਕਾਂਗਰਸੀ ਆਗੂ ਅਲਕਾ ਲਾਂਬਾ ਦੀ ਰਿਹਾਇਸ਼ ‘ਤੇ ਪੰਜਾਬ ਪੁਲਿਸ ਦੇ ਛਾਪੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦੀ ਸ਼ਰੇਆਮ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਿਆਸੀ ਵਿਰੋਧੀਆਂ ਖ਼ਿਲਾਫ਼ ਸਿਆਸੀ ਹੱਲਾ ਬੋਲਣਾ ਬੇਤੁਕਾ ਹੈ।
ਬੀਰ ਦਵਿੰਦਰ ਸਿੰਘ ਨੇ ਕਿਹਾ, "ਗਾਜ਼ੀਆਬਾਦ ਵਿਚ ਕੁਮਾਰ ਵਿਸ਼ਵਾਸ ਅਤੇ ਦਿੱਲੀ ਵਿਚ ਅਲਕਾ ਲਾਂਬਾ ਦੇ ਘਰ 'ਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸਭ ਤੋਂ ਨਿੰਦਣਯੋਗ ਛਾਪੇਮਾਰੀ ਦੇ ਮੱਦੇਨਜ਼ਰ, ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਡੀਜੀਪੀ (ਬਦਲਾ ਅਤੇ ਸਿਆਸੀ ਬਦਲਾਖੋਰੀ) ਦਾ ਇਕ ਨਵਾਂ ਅਹੁਦਾ ਬਣਾਉਣ ਦਾ ਬਿਹਤਰ ਸੁਝਾਅ ਦਿੰਦਾ ਹਾਂ, ਜੋ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇੱਛਾਵਾਂ ਅਤੇ ਸ਼ੌਕ ਦੇ ਅਨੁਕੂਲ ਹੈ”।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਈ.ਆਰ.ਬੀ. ਦੀਆਂ ਦੋ ਬਟਾਲੀਅਨਾਂ ਵਿਚੋਂ ਇਕ ਜੋ ਇਸ ਵੇਲੇ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਚ ਲੱਧਾ ਕੋਠੀ (ਸੰਗਰੂਰ) ਵਿਚ ਹੈ, ਨੂੰ ਕੇਜਰੀਵਾਲ ਦੀ ਇੱਛਾ ਅਨੁਸਾਰ ਦਿੱਲੀ ਦੀਆਂ ਕਾਰਵਾਈਆਂ ਲਈ ਅਜਿਹੇ ਮਨੋਨੀਤ ਡੀਜੀਪੀ (ਬਦਲਾ ਅਤੇ ਸਿਆਸੀ ਬਦਲਾਖੋਰੀ) ਦੇ ਨਿਪਟਾਰੇ ਵਿਚ ਰੱਖਿਆ ਜਾ ਸਕਦਾ ਹੈ।” ਉਹਨਾਂ ਕਿਹਾ ਕਿ ਅਜਿਹੇ ਪ੍ਰਸਤਾਵ ਨੂੰ ਬਾਅਦ ਵਿਚ ਪੰਜਾਬ ਵਿਧਾਨ ਸਭਾ ਦੀ ਪ੍ਰਵਾਨਗੀ ਦੀ ਉਮੀਦ ਵਿਚ ਤੁਰੰਤ ਲਾਗੂ ਕੀਤਾ ਜਾ ਸਕਦਾ ਹੈ।
ਸਾਬਕਾ ਸਪੀਕਰ ਨੇ ਕਿਹਾ ਕਿ ਕੇਜਰੀਵਾਲ ਦੀ ਸਕੀਮ ਲਈ ਇਹ ਜ਼ਿਆਦਾ ਢੁਕਵਾਂ ਹੋਵੇਗਾ, ਜੇਕਰ ਦਿੱਲੀ ਦੇ ਮੁੱਖ ਮੰਤਰੀ ਦੇ ਸਿਆਸੀ ਦੁਸ਼ਮਣਾਂ ਨੂੰ ਮਜਬੂਰ ਕਰਨ ਅਤੇ ਸ਼ਰਮਿੰਦਾ ਕਰਨ ਦੇ ਘਿਨਾਉਣੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਦਿੱਲੀ ਵਿਖੇ ਪੰਜਾਬ ਪੁਲਿਸ ਦਾ 'ਸਮਰਪਿਤ ਪੁਲਿਸ ਸਟੇਸ਼ਨ' ਸਥਾਪਿਤ ਕੀਤਾ ਜਾ ਸਕੇ।