
ਦਿੱਲੀ ਦੇ ਜਹਾਂਗੀਰਪੁਰੀ ’ਚ ਗ਼ੈਰ ਕਾਨੂੰਨੀ ਕਬਜ਼ਿਆਂ ਵਾਲੀ ਥਾਂ ’ਤੇ ਚਲੇ ਬੁਲਡੋਜ਼ਰ
ਨਵੀਂ ਦਿੱਲੀ, 20 ਅਪ੍ਰੈਲ : ਦਿੱਲੀ ਦੇ ਹਿੰਸਾ ਪ੍ਰਭਾਵਿਤ ਜਹਾਂਗੀਰਪੁਰ ਇਲਾਕੇ ’ਚ ਹਨੂੰਮਾਨ ਜਯੰਤੀ ਸ਼ੋਭਾ ਯਾਤਰਾ ਦੌਰਾਨ ਫਿਰਕੂ ਹਿੰਸਾ ਫੈਲੀ ਸੀ, ਉੱਥੇ ਹੀ ਦਿੱਲੀ ਨਗਰ ਨਿਗਮ ਨੇ ਬੁੱਧਵਾਰ ਨੂੰ ਇਸ ਵਿਰੁਧ ਕਾਰਵਾਈ ਕੀਤੀ। ਮੁਹਿੰਮ ਤੋਂ ਪਹਿਲਾਂ ਵੱਡੀ ਗਿਣਤੀ ’ਚ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਮੇਅਰ ਰਾਜਾ ਇਕਬਾਲ ਸਿੰਘ ਨੇ ਇਸ ਕਾਰਵਾਈ ਨੂੰ ਨਿਯਮਿਤ ਮੁਹਿੰਮ ਕਰਾਰ ਦਿਤਾ ਹੈ। ਜਹਾਂਗੀਰਪੁਰ ’ਚ ਹਿੰਸਾ ਵਾਲੀ ਥਾਂ ’ਤੇ ਗ਼ੈਰ-ਕਾਨੂੰਨੀ ਜਾਇਦਾਦਾਂ ਅਤੇ ਕਬਜ਼ੇ ’ਤੇ ਐੱਮ. ਸੀ. ਡੀ. ਨੇ ਬੁਲਡੋਜ਼ਰ ਚਲਾਏ ਹਨ। ਇਸ ਮੌਕੇ ਹਿੰਸਾ ਅਤੇ ਝੜਪ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਪੁਲਿਸ ਅਤੇ ਅਰਧ ਸੈਨਿਕ ਬਲ ਤੈਨਾਤ ਕੀਤੇ ਗਏ ਹਨ ਜੋ ਕਿਸੇ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਤਿਆਰ ਰਹਿਣਗੇ। ਐਨ ਡੀ ਐਮ ਸੀ ਦੇ ਮੇਅਰ ਰਾਜਾ ਇਕਬਾਲ ਸਿੰਘ ਨੇ ਇਸ ਕਾਰਵਾਈ ਨੂੰ ਨਿਯਮਿਤ ਅਭਿਆਨ ਕਰਾਰ ਦਿਤਾ ਹੈ।
ਜਾਣਕਾਰੀ ਮੁਤਾਬਕ ਐਮ. ਸੀ. ਡੀ. ਨੇ ਕਰੀਬ 9 ਬੁਲਡੋਜ਼ਰ ਇਲਾਕੇ ’ਚ ਪਹੁੰਚੇ ਹਨ ਅਤੇ ਕਬਜ਼ਿਆਂ ਨੂੰ ਹਟਾਇਆ ਗਿਆ। ਹਾਲਾਂਕਿ ਦਿੱਲੀ ਨਗਰ ਨਿਗਮ ਵਲੋਂ ਕਬਜ਼ਿਆ ਵਿਰੁਧ ਚਲਾਏ ਜਾ ਰਹੀ ਮੁਹਿੰਮ ’ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿਤੀ ਹੈ। ਕੋਰਟ ਨੇ ਜਹਾਂਗੀਰਪੁਰੀ ’ਚ ਉੱਤਰੀ ਦਿੱਲੀ ਨਗਰ ਨਿਗਮ ਵਲੋਂ ਕਬਜ਼ਿਆਂ ਵਿਰੁਧ ਚਲਾਏ ਗਈ ਮੁਹਿੰਮ ’ਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਹੁਕਮ ਦਿਤੇ ਹਨ। ਕੋਰਟ ਦੇ ਹੁਕਮ ਤੋਂ ਬਾਅਦ ਐਮ. ਸੀ. ਡੀ. ਕਾਰਵਾਈ ’ਤੇ ਰੋਕ ਲੱਗ ਗਈ ਹੈ। ਕੋਰਟ ਨੇ ਜਹਾਂਗੀਰਪੁਰੀ ਦੇ ਐਸ. ਐਚ. ਓ. ਅਤੇ ਦਿੱਲੀ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਐਮ. ਸੀ. ਡੀ. ਨੂੰ ਵੀ ਨੋਟਿਸ ਭੇਜਿਆ ਅਤੇ ਕੱਲ ਇਸ ਮਾਮਲੇ ’ਤੇ ਸੁਣਵਾਈ ਹੋਵੇਗੀ।
ਇਲਾਕੇ ’ਚ ਲੋਕ ਬੁਲਡੋਜ਼ਰ ਦੀ ਕਾਰਵਾਈ ਤੋਂ ਬੇਹੱਦ ਪਰੇਸ਼ਾਨ ਦਿੱਸੇ। ਇਸ ਦੌਰਾਨ ਇਕ ਮਹਿਲਾ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਬਚਿਆ ਹੀ ਕੀ ਹੈ? ਸਭ ਕੁਝ ਤਾਂ ਖਤਮ ਕਰ ਦਿਤਾ। ਇਕ ਹੋਰ ਮਹਿਲਾ ਨੇ ਕਿਹਾ ਕਿ ਮੇਰੇ ਪਤੀ ਦੀ ਪਾਨ ਦੀ ਦੁਕਾਨ ਹੈ, ਜਿਸ ਨੂੰ ਅੱਜ ਕਬਜ਼ਾ ਹਟਾਉਣ ਦੀ ਕਾਰਵਾਈ ’ਚ ਬੁਲਡੋਜ਼ਰ ਜ਼ਰੀਏ ਤੋੜ ਦਿਤਾ ਗਿਆ। ਅਸੀਂ ਪਿਛਲੇ 35 ਸਾਲਾਂ ਤੋਂ ਇਲਾਕੇ ਵਿਚ ਰਹਿ ਰਹੇ ਹਾਂ ਅਤੇ ਇਸ ਦੁਕਾਨ ਨਾਲ ਆਪਣਾ ਘਰ ਚਲਾਉਂਦੇ ਹਾਂ ਪਰ ਅੱਜ ਸਭ ਕੁਝ ਖ਼ਤਮ ਕਰ ਦਿਤਾ ਗਿਆ।
ਜ਼ਿਕਰਯੋਗ ਹੈ ਕਿ ਜਹਾਂਗੀਰਪੁਰੀ ਖੇਤਰ ’ਚ 16 ਅਪ੍ਰੈਲ ਨੂੰ ਹਨੂੰਮਾਨ ਜਯੰਤੀ ’ਤੇ ਆਯੋਜਤ ਸ਼ੋਭਾ ਯਾਤਰਾ ਦੌਰਾਨ ਦੋ ਧਿਰਾਂ ’ਚ ਹਿੰਸਕ ਝੜਪ ਹੋਈ ਸੀ। ਇਸ ਦੇ ਮੱਦੇਨਜ਼ਰ ਇਲਾਕੇ ’ਚ ਤਣਾਅ ਨੂੰ ਵੇਖਦੇ ਹੋਏ ਵੱਡੀ ਗਿਣਤੀ ’ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਤਣਾਅ ਦਰਮਿਆਨ ਭਾਜਪਾ ਨੇ ਉੱਤਰੀ ਦਿੱਲੀ ਨਗਰ ਨਿਗਮ ਨੇ ਇਲਾਕੇ ’ਚ ਕਬਜ਼ਾ ਹਟਾਉਣ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ। (ਪੀਟੀਆਈ)