
ਉਹਨਾਂ ਕਿਹਾ ਕਿ ਉਹ ਰਵਨੀਤ ਬਿੱਟੂ ਦੇ ਦੁੱਖ ਨੂੰ ਸਮਝਦੇ ਹਨ ਪਰ ਇਕ ਵਕੀਲ ਹੋਣ ਦੇ ਨਾਤੇ ਉਹਨਾਂ ਦਾ ਵਿਚਾਰ ਹੈ ਕਿ ਰਾਜੋਆਣਾ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਹੈ। ਇਸ ਟਵੀਟ ਜ਼ਰੀਏ ਮਨੀਸ਼ ਤਿਵਾੜੀ ਨੇ ਰਾਜੋਆਣਾ ਦੀ ਰਿਹਾਈ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਰਵਨੀਤ ਬਿੱਟੂ ਦੇ ਦੁੱਖ ਨੂੰ ਸਮਝਦੇ ਹਨ ਪਰ ਇਕ ਵਕੀਲ ਹੋਣ ਦੇ ਨਾਤੇ ਉਹਨਾਂ ਦਾ ਵਿਚਾਰ ਹੈ ਕਿ ਰਾਜੋਆਣਾ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਉਹਨਾਂ ਲਿਖਿਆ, “ਮੈਂ ਆਪਣੇ ਸਾਥੀ ਰਵਨੀਤ ਬਿੱਟੂ ਦੇ ਦੁੱਖ ਨੂੰ ਸਮਝਦਾ ਹਾਂ ਪਰ ਇਕ ਵਕੀਲ ਅਤੇ ਪੰਜਾਬ ਦਾ ਸੰਸਦ ਮੈਂਬਰ ਹੋਣ ਦੇ ਨਾਤੇ ਮੇਰਾ ਵਿਚਾਰ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੇ 26 ਸਾਲ ਜੇਲ੍ਹ ਦੀ ਸਜ਼ਾ ਕੱਟ ਲਈ ਹੈ। ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਕੇ ਧਾਰਾ 432 CRPC ਤਹਿਤ ਹੁਕਮ ਪਾਸ ਕਰਕੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ”।
ਦਰਅਸਲ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸੁਖ਼ਬੀਰ ਬਾਦਲ ਖ਼ਿਲਾਫ਼ ਪੀਐਮ ਮੋਦੀ ਨੂੰ ਪੱਤਰ ਲਿਖਿਆ ਹੈ। ਜਿਸ ਵਿਚ ਉਹਨਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸੁਖਬੀਰ ਬਾਦਲ ਦੇ ਮਨਸੂਬਿਆਂ ਦੀ ਜਾਂਚ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਕਿ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਸੀ। ਇਹ ਉਹ ਸਿੱਖ ਕੈਦੀ ਸਨ ਜਿਨ੍ਹਾਂ ਨੇ 20 ਸਾਲ ਤੋਂ ਵੱਧ ਸਮਾਂ ਜੇਲ੍ਹ ਕੱਟੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿਚ ਦਖਲ ਦੇ ਕੇ ਰਾਜੋਆਣਾ ਦੀ ਰਿਹਾਈ ਦੀ ਪ੍ਰਕਿਰਿਆ ਤੇਜ਼ ਕਰਨੀ ਚਾਹੀਦੀ ਹੈ।