
ਲਾਲ ਕਿਲ੍ਹਾ ਸਮਾਗਮ ਵਿਚ ਕਰੋੜਾਂ ਦੇ ਖ਼ਰਚ ਬਾਰੇ ਸਿਆਸਤ ਭਖੀ
ਨਵੀਂ ਦਿੱਲੀ, 19 ਅਪ੍ਰੈਲ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਲਾਲ ਕਿਲ੍ਹੇ ’ਤੇ ਹੋਰ ਰਹੇ ਸਮਾਗਮ ਨੂੰ ਲੈ ਕੇ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਘੇਰਿਆ ਹੈ। ਅੱਜ ਸ.ਸਰਨਾ ਨੇ ਦੋਸ਼ ਲਾਇਆ ਕਿ ਟੈਂਡਰ ਦੇ ਨਾਂ ਤੇ ਸਿਰਫ਼ ਕਾਗ਼ਜ਼ੀ ਕਾਰਵਾਈ ਕੀਤੀ ਹੈ ਤੇ ਸਰਕਾਰੀ ਪੈਸੇ ਦੀ ਬਰਬਾਦੀ ਦੀ ਦਿੱਲੀ ਕਮੇਟੀ ਨੇ ਖੇਡ ਖੇਡੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਪਣੀਆਂ ਏਜੰਸੀਆਂ ਈ ਡੀ ਰਾਹੀਂ ਦਿੱਲੀ ਕਮੇਟੀ ਦੇ ਅਖੌਤੀ ਭ੍ਰਿਸ਼ਟਾਚਾਰ ਦੀ ਤੁਰਤ ਪੜਤਾਲ ਸ਼ੁਰੂ ਕਰ ਕੇ ਦੋਸ਼ੀਆਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ। ਲਾਲ ਕਿਲ੍ਹੇ ਦੇ ਸਮਾਗਮ ਰਾਹੀਂ ਸਰਕਾਰੀ ਪੈਸੇ ਵਿਚ ਕਰੋੜਾਂ ਦੀ ਹੇਰਾਫੇਰੀ ਕੀਤੀ ਜਾ ਰਹੀ ਹੈ।
‘ਸਪੋਕਸਮੈਨ’ ਕੋਲ ਅਪਣਾ ਪੱਖ ਰਖਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ ਨੇ ਸਰਨਾ ਦੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਕਿਹਾ, “ਸਰਨਾ ਕੋਲ ਕੋਝੀ ਸਿਆਸਤ ਤੇ ਘਟੀਆਂ ਇਲਜ਼ਾਮਬਾਜ਼ੀ ਤੋਂ ਸਿਵਾ ਕੁੱਝ ਨਹੀਂ। ਜੇ ਕੁੱਝ ਗ਼ਲਤ ਨਜ਼ਰ ਆਉਂਦਾ ਹੈ ਤਾਂ ਸਾਡੇ ਨਾਲ ਗੱਲ ਕਰਨ। ਪਰ ਇਹ ਉਨ੍ਹਾਂ ਲੋਕਾਂ (ਅਵਤਾਰ ਸਿੰਘ ਹਿਤ) ਨਾਲ ਹੱਥ ਮਿਲਾ ਕੇ ਬੈਠੇ ਹੋਏ ਹਨ, ਜੋ ਕਬਜ਼ੇ ਕਰਦੇ ਹਨ। ਸਮਾਗਮ ਦੇ ਪ੍ਰਬੰਧਾਂ ਬਾਰੇ ਇਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਅਸੀਂ, ਜਿਸ ਵਿਚ ਦਿੱਲੀ ਦੇ ਵਕਾਰੀ ਸੀ ਏ ਵੀ ਸ਼ਾਮਲ ਹਨ। ਅਸੀਂ ਗੁਰੂ ਤੇਗ਼ ਬਹਾਦਰ ਸਾਹਿਬ ਦਾ ਦਿਹਾੜਾ ਮਨਾਈਏ ਕਿ ਇਨ੍ਹਾਂ ਦੇ ਫ਼ਜ਼ੂਲ ਸਵਾਲਾਂ ਦੇ ਜਵਾਬ ਦਿੰਦੇ ਰਹੀਏ।’’