
ਪੜ੍ਹੇ ਲਿਖੇ ਅਧਿਕਾਰੀਆਂ ਦੀ ਕਮੀ ਨਾਲ ਜੂਝ ਰਹੀ ਹੈ ਸ਼੍ਰੋਮਣੀ ਕਮੇਟੀ
ਕਿਸੇ ਸਮੇਂ ਪੀ.ਐਚ.ਡੀ. ਸਕੱਤਰ ਚਲਾਉਂਦੇ ਰਹੇ ਸ਼੍ਰੋਮਣੀ ਕਮੇਟੀ ਦਾ ਕੰਮਕਾਰ
ਅੰਮਿਤਸਰ, 19 ਅ੍ਰਪੈਲ (ਪ੍ਰਮਿੰਦਰ ਅਰੋੜਾ): ਪੰਥ ਦੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਅੱਜਕਲ ਪੜੇ੍ਹ ਲਿਖੇ ਅਧਿਕਾਰੀਆਂ ਦੀ ਕਮੀ ਨਾਲ ਜੂਝ ਰਹੀ ਹੈ। ਅਜਿਹਾ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਪੜੇ੍ਹ ਲਿਖੇ ਕਰਮਚਾਰੀਆਂ ਦੀ ਕਮੀ ਹੈ। ਹਾਲਾਤ ਇਹ ਹਨ ਕਿ ਪੜ੍ਹੇ ਲਿਖੇ ਕਰਮਚਾਰੀ ਹੇਠਲੇ ਅਹੁਦਿਆਂ ’ਤੇ ਕੰਮ ਕਰ ਰਹੇ ਹਨ ਤੇ ਘੱਟ ਪੜੇ੍ਹ ਅਧਿਕਾਰੀ ਪੜੇ੍ਹ ਲਿਖੇ ਇਨ੍ਹਾਂ ਕਰਮਚਾਰੀਆਂ ਨੂੰ ਵੱਖ ਵੱਖ ਸਮੇਂ ਦਿਸ਼ਾ ਨਿਰਦੇਸ਼ ਦਿੰਦੇ ਹਨ। ਬਹੁਤ ਜ਼ਿਆਦਾ ਸਿਆਸੀ ਦਖ਼ਲਅੰਦਾਜ਼ੀ ਤੇ ਸਿਆਸੀ ਪ੍ਰਭਾਵ ਕਾਰਨ ਸਿੱਖਾਂ ਦੀ ਇਸ ਸੰਸਥਾ ਦੀ ਹਾਲਤ ਖ਼ਰਾਬ ਹੋਈ ਹੈ।
ਅੱਜ ਹਾਲਾਤ ਇਹ ਬਣ ਗਏ ਹਨ ਕਿ ਜਿਸ ਸੰਸਥਾ ਦਾ ਕੰਮਕਾਰ ਕਦੇ ਪੜ੍ਹੇ ਲਿਖੇ ਤੇ ਪੀ ਐਚ ਡੀ ਸਕੱਤਰ ਚਲਾਉਂਦੇ ਰਹੇ ਅੱਜ ਉਹ ਅਧਿਕਾਰੀ ਕੰਮ ਚਲਾ ਰਹੇ ਹਨ ਜਿਨ੍ਹਾਂ ਕੋਲ ਵਿਦਿਅਕ ਯੋਗਤਾ ਘੱਟ ਹੈ। ਬੀਤੇ ਸਮੇਂ ਵਿਚ ਝਾਤ ਮਾਰੀਏ ਤਾਂ ਇਸ ਸੰਸਥਾ ਦਾ ਕੰਮਕਾਰ ਚਲਾਉਣ ਲਈ ਮਾਸਟਰ ਤਾਰਾ ਸਿੰਘ, ਮਾਸਟਰ ਦੌਲਤ ਸਿੰਘ, ਹੈੱਡ ਮਾਸਟਰ ਅਭੈ ਸਿੰਘ, ਸੱਜਣ ਸਿੰਘ ਗਿਆਨੀ ਐਡਵੋਕੇਟ, ਹੈੱਡ ਮਾਸਟਰ ਮਾਹਣਾ ਸਿੰਘ, ਮਨਜੀਤ ਸਿੰਘ ਕਲਕੱਤਾ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ (ਮੌਜੂਦਾ ਪ੍ਰਧਾਨ) ਜਿਹੇ ਵਿਦਵਾਨ ਸੱਜਣ ਕੰਮਕਾਰ ਦੇਖਦੇ ਸਨ। ਸ਼੍ਰੋਮਣੀ ਕਮੇਟੀ ਦੇ ਅਤੀਤ ਵਿਚ ਜੋਗਿੰਦਰ ਸਿੰਘ ਅਦਲੀਵਾਲ, ਕੁਲਵੰਤ ਸਿੰਘ, ਸਤਿਬੀਰ ਸਿੰਘ ਧਾਮੀ, ਦਿਲਜੀਤ ਸਿੰਘ ਬੇਦੀ, ਪ੍ਰੋਫ਼ੈਸਰ ਬਲਵਿੰਦਰ ਸਿੰਘ ਜੋੜਾਸਿੰਘਾ ਜਿਹੇ ਅਧਿਕਾਰੀ ਵੀ ਆਲਾ ਆਹੁਦਿਆਂ ਤੇ ਕੰਮ ਕਰ ਚੁੱਕੇ ਹਨ। ਧਰਮ ਦੇ ਖੇਤਰ ਵਿਚ ਮੱਲ੍ਹਾਂ ਮਾਰਨ ਵਾਲੇ ਪੜੇ੍ਹ ਲਿਖੇ ਵਿਦਵਾਨ ਪੀਐੱਚਡੀ ਦੇ ਨਾਲ ਨਾਲ ਐਮਏ ਅੰਗਰੇਜ਼ੀ ਰਹੇ ਵਿਦਵਾਨ, ਸੁਲਝੇ ਲੋਕ ਇਨ੍ਹਾਂ ਸੀਟਾਂ ਤੇ ਬਿਰਾਜਮਾਨ ਹੁੰਦੇ ਰਹੇ ਹਨ। ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ’ਚ ਸਕੱਤਰਾਂ ਦੀ ਕਮੀ ਨਜ਼ਰ ਆ ਰਹੀ ਹੈ। ਇਸ ਸੰਸਥਾ ਨੂੰ ਘੱਟ ਪੜ੍ਹਾਈ ਦੇ ਬਾਵਜੂਦ ਪ੍ਰਮੋਸ਼ਨ ਲੈ ਕੇ ਬਣੇ ਸਕੱਤਰ ਹੀ ਪ੍ਰਬੰਧਾਂ ਨੂੰ ਚਲਾ ਰਹੇ ਹਨ। ਇਸ ਸਮੇ ਸ਼੍ਰੋਮਣੀ ਕਮੇਟੀ ਕੋਲ ਇਕ ਹੀ ਸਕੱਤਰ ਸ. ਮੁਹਿੰਦਰ ਸਿੰਘ ਆਹਲੀ ਹਨ ਜੋ 30 ਅਪ੍ਰੈਲ ਨੂੰ ਰਿਟਾਇਰ ਹੋ ਰਹੇ ਹਨ। ਜੇਕਰ ਸਕੱਤਰ ਸਾਹਿਬਾਨ ਦੇ ਕੰਮ ਵਲੇ ਦੇਖਿਆ ਜਾਵੇ ਤਾਂ ਸ. ਪ੍ਰਤਾਪ ਸਿੰਘ ਵਧੀਕ ਸਕੱਤਰ ਸੈਕਸ਼ਨ 85, ਇਸ ਤੋਂ ਇਲਾਵਾ ਡਾ. ਪਰਮਜੀਤ ਸਿੰਘ ਸਰੋਆ ਜਿਨ੍ਹਾਂ ਨੇ ਪੀਐਚਡੀ ਧਾਰਮਕ ਖੇਤਰ ਵਿਚ ਬਾਬਾ ਨਿਧਾਨ ਸਿੰਘ ਦੇ ਜੀਵਨ ਤੇ ਸਿਧਾਂਤਕ ਪੱਖ ’ਤੇ ਕੀਤੀ ਹੈ, ਨੂੰ ਧਰਮ ਪ੍ਰਚਾਰ ਕਮੇਟੀ ਵਿਚ ਤੈਨਾਤ ਕੀਤਾ ਗਿਆ ਹੈ।
ਸਿਵਲ ਇੰਜੀਨੀਅਰ ਵਧੀਕ ਸਕੱਤਰ ਸੁਖਮਿੰਦਰ ਸਿੰਘ ਨੂੰ ਟਰੱਸਟ, ਵਿਦਿਆ ਵਿਭਾਗ ਸੌਂਪਿਆ ਗਿਆ ਹੈ। ਵਧੀਕ ਸਕੱਤਰ ਬਿਜੈ ਸਿੰਘ ਬਾਦੀਆ ਨੂੰ ਪਬਲੀਕੇਸ਼ਨ ਵਿਭਾਗ ਸੌਂਪਿਆ ਗਿਆ ਹੈ। ਇਨ੍ਹਾਂ ਦੇ ਨਾਲ ਹੋਰ ਮੀਤ ਸਕੱਤਰ ਲਗਾਏ ਗਏ ਹਨ। ਜੇਕਰ ਧਰਮ ਪ੍ਰਚਾਰ ਦੀ ਗੱਲ ਕਰੀਏ ਤਾਂ ਉਥੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਮੁਅੱਤਲ ਕੀਤੇ ਸਕੱਤਰ ਮਨਜੀਤ ਸਿੰਘ ਬਾਠ ਤੋਂ ਬਾਅਦ ਕੁਰਸੀ ਸਕੱਤਰ ਤੋਂ ਵਿਹੂਣੀ ਹੈ। ਧਰਮ ਪ੍ਰਚਾਰ ਕਮੇਟੀ ਦਾ ਕੰਮਕਾਜ ਚਲਾਉਣ ਲਈ ਸਕੱਤਰ ਪਰਮਜੀਤ ਸਿੰਘ ਸਰੋਆ ਨੂੰ ਆਜ਼ਾਦਾਨਾ ਪ੍ਰਬੰਧ ਸੌਂਪਿਆ ਹੈ।