
ਕਿਹਾ, ਇਸਾਈ ਭਾਈਚਾਰੇ ਨੇ ਹਮੇਸ਼ਾ ਨਿਰਸਵਾਰਥ ਕਾਂਗਰਸ ਪਾਰਟੀ ਦਾ ਸਾਥ ਦਿਤਾ
ਜਲੰਧਰ : ਜਲੰਧਰ ਕਾਂਗਰਸ ਭਵਨ ਵਿਖੇ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸਾਈ ਭਾਈਚਾਰੇ ਨਾਲ ਮੀਟਿੰਗ ਕੀਤੀ। ਜਿਸ ‘ਚ ਜਲੰਧਰ ਜ਼ਿਮਨੀ ਚੋਣ ਦੇ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਅਤੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਪ੍ਰਧਾਨ ਰਾਜਾ ਵੜਿੰਗ ਨੇ ਮੀਟਿੰਗ ਦੌਰਾਨ ਸੰਬੋਧਨ ਕਰਦੇ ਕਿਹਾ ਕਿ ਅਸੀਂ ਸਮੁੱਚੇ ਇਸਾਈ ਭਾਈਚਾਰੇ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਹਮੇਸ਼ਾ ਨਿਰਸਵਾਰਥ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ। ਅੱਜ ਅਸੀਂ ਜਿਸ ਮੁਕਾਮ ‘ਤੇ ਹਾਂ ਉਸ ਲਈ ਇਸਾਈ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ।
ਉਹਨਾਂ ਕਿਹਾ ਕਿ ਸਰਕਾਰ ‘ਚ ਰਹਿੰਦੇ ਹੋਏ ਕਈ ਤਰੀਕੇ ਦੀਆਂ ਕਮੀਆਂ ਰਹੀਆਂ ਹੋਣਗੀਆਂ, ਜਿਸ ਲਈ ਬਤੌਰ ਪ੍ਰਧਾਨ ਮੈਂ ਮੁਆਫ਼ੀ ਚਾਹੁੰਦਾ ਹਾਂ, ਪਾਰਟੀ ਹੋਵੇ ਜਾਂ ਸਰਕਾਰ ਹੋਵੇ ਉਸ ਵਿਚ ਹਰ ਫਿਰਕੇ, ਧਰਮ, ਜਾਤੀ, ਭਾਈਚਾਰੇ ਦੇ ਲੋਕਾਂ ਦਾ ਬਰਾਬਰ ਯੋਗਦਾਨ ਹੈ, ਇਸ ਲਈ ਉਹਨਾ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਾਡੀ ਪਹਿਲ ਹੈ। ਇਸ ਲਈ ਇਸਾਈ ਭਾਈਚਾਰੇ ਵੱਲੋਂ ਜੋ ਸਮੱਸਿਆਵਾਂ ਦੱਸੀਆਂ ਹਨ ਉਹਨਾਂ ਦੇ ਹੱਲ ਲਈ ਅਸੀਂ ਕਮੇਟੀ ਬਣਾਵਾਂਗੇ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ‘ਚ ਹਰ ਵਿਅਕਤੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਤੇ ਕਾਂਗਰਸ ਪਾਰਟੀ ਇੱਕ ਪਰਿਵਾਰ ਦੀ ਤਰ੍ਹਾਂ ਹੈ, ਜਿੱਥੇ ਸਾਰੇ ਸਲਾਹ ਨਾਲ ਚੱਲਦੇ ਹਨ, ਇਸ ਲਈ ਭਾਵੇਂ ਇਸਾਈ ਭਾਈਚਾਰਾ ਹੋਵੇ ਜਾਂ ਕੋਈ ਵੀ ਸਭ ਨੂੰ ਨਾਲ ਲੈ ਕੇ ਚੱਲਣਾ ਤੇ ਉਹਨਾ ਦੇ ਮਸਲੇ ਹੱਲ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ ਤੇ ਕਾਂਗਰਸ ਪਾਰਟੀ ਆਪਣੀ ਜ਼ਿੰਮੇਵਾਰੀ ਤੋਂ ਕਦੇ ਪਿੱਛੇ ਨਹੀਂ ਹਟੇਗੀ।