
ਸਮੇਂ ਦੀ ਸਰਕਾਰ ਦੇ ਅੜਿੱਕਿਆਂ ਤੇ ਅੱਤ ਦੀਆਂ ਵਧੀਕੀਆਂ ਦੇ ਬਾਵਜੂਦ ਜਨੂਨ ਦੀ ਹੱਦ ਨਾਲ ਉਸਾਰਿਆ ਹੈ ‘ਉੱਚਾ ਦਰ’: ਨਿਮਰਤ ਕੌਰ
ਮੋਹਾਲੀ: ਰੋਜ਼ਾਨਾ ਸਪੋਕਸਮੈਨ ਅਖ਼ਬਾਰ ਵਲੋਂ ਸ਼ੰਭੂ ਬਾਰਡਰ ਨੇੜੇ ਬਪਰੌਰ ਵਿਖੇ ਉਸਾਰਿਆ ‘ਉੱਚਾ ਦਰ ਬਾਬੇ ਨਾਨਕ ਦਾ’ ਵਿਖੇ ਬਾਬਾ ਨਾਨਕ ਵਿਚਾਰ ਸੰਮੇਲਨ-2025 ਐਤਵਾਰ ਨੂੰ ਕਰਵਾਇਆ ਗਿਆ। ਇਸ ਮੌਕੇ ਬਾਬਾ ਨਾਨਕ ਜੀ ਦਾ 556ਵਾਂ ਪ੍ਰਕਾਸ਼ ਪੁਰਬ (ਜੋ ਨਾਨਸ਼ਾਹੀ ਕੈਲੰਡਰ ਮੁਤਾਬਕ ਵੈਸਾਖ ਮਹੀਨੇ ਵਿਚ ਹੁੰਦਾ ਹੈ) ਸੰਗਤਾਂ ਨੇ ਮਿਲ ਕੇ ਮਨਾਇਆ ਤੇ ਧਾਰਮਕ ਵਿਦਵਾਨਾਂ, ਸ਼ਖ਼ਸੀਅਤਾਂ ਨੇ ਰੋਜ਼ਾਨਾ ਸਪੋਕਸਮੈਨ ਦੇ ਮਰਹੂਮ ਸੰਪਾਦਕ ਉੱਘੇ ਪੰਥਕ ਵਿਦਵਾਨ ਸਰਦਾਰ ਜੋਗਿੰਦਰ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਵਲੋਂ ਪੰਥ ਨੂੰ ਸਮਰਪਿਤ ਕੀਤੇ ਦੁਨੀਆਂ ਦੇ ਮਹਾਨ ਅਜੂਬੇ ‘ਉੱਚਾ ਦਰ ਬਾਬੇ ਨਾਨਕ ਦਾ’ ਬਾਰੇ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਵਿਚ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਹਜ਼ਾਰਾਂ ਸੰਗਤਾਂ ਤੇ ਪਾਠਕਾਂ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਰਸਮੀ ਆਗਾਜ਼ ਜਪੁਜੀ ਸਾਹਿਬ ਦੇ ਪਾਠ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੰਗੀਤ ਵਿਭਾਗ ਦੀ ਮੁਖੀ ਪ੍ਰੋਫ਼ੈਸਰ ਨਿਵੇਦਿਤਾ ਸਿੰਘ ਦੇ ਸ਼ਬਦ ਕੀਰਤਨ ਨਾਲ ਹੋਈ। ਅਪਣੇ ਸਵਗਾਤੀ ਤੇ ਧੰਨਵਾਦੀ ਤਕਰੀਰਾਂ ਦੌਰਾਨ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕਾ ਬੀਬੀ ਨਿਮਰਤ ਕੌਰ ਨੇ ਵਿਦਵਾਨਾਂ, ਧਾਰਮਕ ਤੇ ਰਾਜਨੀਤਕ ਆਗੂਆ ਨੂੰ ਜੀ ਆਇਆਂ ਕਿਹਾ। ਨਿਮਰਤ ਕੌਰ ਨੇ ਆਖਿਆ ਉਨ੍ਹਾਂ ਦਾ ਪਿਤਾ ਸਰਦਾਰ ਜੋਗਿੰਦਰ ਸਿੰਘ ਦਾ ਜ਼ਿੰਦਗੀ ਵਿਚ ਵੱਡਾ ਮਕਸਦ ਲੈ ਕੇ ਆਏ ਸਨ ਜੋ ਕਿ ਉਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਦੀਆਂ ਲੱਖਾਂ ਅੜਚਣਾਂ ਦੇ ਬਾਵਜੂਦ ਪੂਰਾ ਕੀਤਾ। ਉਹ ਚਾਹੁੰਦੇ ਸਨ ਕਿ ਇਸ ਸਥਾਨ (ਉੱਚਾ ਦਰ ਬਾਬੇ ਨਾਨਕ ਦਾ) ਤੋਂ ਸੌਖੇ ਅਤੇ ਵਿਗਿਆਨ ਢੰਗ ਨਾਲ ਗੁਰਬਾਣੀ ਦਾ ਸੰਦੇਸ਼ ਪੂਰੀ ਲੋਕਾਈ ਨੂੰ ਮਿਲੇ। ਲੰਘੇ ਵਰ੍ਹੇ ਜਦੋਂ ਉਨ੍ਹਾਂ ਨੇ ਅਪਣੇ ਆਖ਼ਰੀ ਸਾਹ ਲਏ ਤਾਂ ਬੀਬੀ ਜਗਜੀਤ ਕੌਰ (ਨਿਮਰਤ ਕੌਰ ਦੇ ਮਾਤਾ ਜੀ) ਵੈਸਾਖ ਮਹੀਨੇ ਵਿਚ ਇਕ ਵੱਡਾ ਪ੍ਰੋਗਰਾਮ ਕਰਵਾਉੁਣ ਦਾ ਤਹਈਆ ਕੀਤਾ ਸੀ। ਵੈਸਾਖ ਸ਼ਾਇਦ ਇਸ ਲਈ ਕਿਉਂਕਿ ਸ. ਜੋਗਿੰਦਰ ਸਿੰਘ ਹਮੇਸ਼ਾ ਹੀ ਬਾਬੇ ਨਾਨਕ ਜੀ ਦਾ ਪ੍ਰਕਾਸ਼ ਪੁਰਬ ਵੈਸਾਖ ਵਿਚ ਮਨਾਉਂਦੇ ਸਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਆਖ਼ਰੀ ਵਰ੍ਹੇ ਵਿਚ ਸ. ਜੋਗਿੰਦਰ ਸਿੰਘ ਦੇ ਦੋ ਜਨੂੰਨ ਸਨ। ਪਹਿਲਾ ਉੱਚਾ ਦਰ... ਤੇ ਦੂਜਾ ਉਨ੍ਹਾਂ ਦੀ ਪਤਨੀ ਸਰਦਾਰਨੀ ਜਗਜੀਤ ਕੌਰ। ਦੋਹਾਂ ਦਾ ਸੱਚਾ ਪਿਆਰ ਤੇ ਬਾਬੇ ਨਾਨਕ ਦੀ ਬਾਣੀ ਪ੍ਰਤੀ ਸੱਚੀ ਲਗਨ ਸਦਕਾ ਉੱਚਾ ਦਰ ਬਾਬੇ ਨਾਨਕ ਦਾ ਪ੍ਰਾਜੈਕਟ ਮੁਕੰਮਲ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਸਾਥੀ ਇਥੇ ਪਹਿਲੇ ਦਿਨ ਤੋਂ ਆ ਰਹੇ ਹਨ ਤੇ ਕੁੱਝ ਪਹਿਲੀ ਵਾਰ ਅੱਜ ਆਏ ਹੋਣਗੇ ਇਸ ਲਈ ਉਹ ਸਾਰੇ ਸਥਾਨ ਨੁੂੰ ਇਕ ਵਾਰ ਜ਼ਰੂਰ ਦੇਖਣ, ਤੁਹਾਨੂੰ ਬਹੁਤ ਕੁੱਝ ਚੰਗਾ ਲੱਗੇਗਾ ਸ਼ਾਇਦ ਬਹੁਤ ਕਮੀਆਂ ਵੀ ਮਿਲਣ ਕਿਉਂਕਿ ਸਮੇਂ ਦੀਆਂ ਸਰਕਾਰਾਂ ਦਾ ਇਸ ਪ੍ਰਾਜੈਕਟ ਤੇ ਜੋਗਿੰਦਰ ਸਿੰਘ ਦੀ ਸੋਚ ਨੂੰ ਖ਼ਤਮ ਕਰਨ ਲਈ ਪੂਰਾ ਜ਼ੋਰ ਲੱਗਾ ਹੋਇਆ ਸੀ।
ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਬੇਸ਼ੱਕ ਸਰਦਾਰ ਜੋਗਿੰਦਰ ਸਿੰਘ ਕੋਲ ਬਹੁ ਕਰੋੜੀ ਪ੍ਰਾਜੈਕਟ ਨੂੰ ਬਣਾਉਣ ਲਈ ਵਸੀਲਿਆਂ ਦੀ ਵੱਡੀ ਘਾਟ ਸੀ ਪਰ ਜੇ ਜ਼ਿਆਦਾ ਵੀ ਹੁੰਦੇ ਤਾਂ ਵੀ ਇਹ ਇਸ ਮਹਿੰਗੇ ਸੰਗਮਰਮਰ ਤੇ ਸੁਨਹਿਰੀ ਚਮਕ ਨਹੀਂ ਹੋਣੀ ਸੀ ਸਾਦਾਪਣ ਹੀ ਹੋਣਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪਿਤਾ ਨੇ ਪ੍ਰਵਾਰ ਨੂੰ ਘਰ ਭਾਵੇਂ ਨਹੀਂ ਬਣਾਇਆ ਪਰ ਬਾਬੇ ਨਾਨਕ ਦਾ ਘਰ ਬਣਾ ਕੇ ਸੰਗਤਾਂ ਦੇ ਦਿਲਾਂ ਵਿਚ ਸਦੀਵੀਂ ਜਿਉਂਦੇ ਰਹਿ ਗਏ। ਉਨ੍ਹਾਂ ਕਿਹਾ ਕਿ ਐਨੀ ਔਖੇ ਤੇ ਮਾੜੇ ਸਮੇਂ ਵਿਚ ਸ. ਜੋਗਿੰਦਰ ਸਿੰਘ ਨੇ ਸੱਚਾਈ, ਇਨਸਾਨੀਅਤ ਦੇ ਰਾਹ ਨੂੰ ਨਹੀਂ ਛਡਿਆ ਤੇ ਤੁਹਾਡੇ ਸਾਰਿਆਂ ਦਾ ਅਥਾਹ ਪਿਆਰ ਖੱਟ ਕੇ ਦੁਨੀਆਂ ਨੁੰ ਅਲਵਿਦਾ ਆਖ ਗਏ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਸ. ਜੋਗਿੰਦਰ ਸਿੰਘ ਨੂੰ ਮਹਾਨ ਵਿਦਵਾਨ ਦਸਦਿਆਂ ਕਿਹਾ ਕਿ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਸੱਚ ਲਿਖਣ ਤੋਂ ਰੋਕਣ ਵਾਸਤੇ ਹਰ ਹਰਬਾ ਅਪਣਾਇਆ ਪਰ ਉਨ੍ਹਾਂ ਦੀ ਮਿਹਨਤ ਤੇ ਲਗਨ ਤੇ ਇਰਾਦਾ ਬਾਬੇ ਨਾਨਕ ਪ੍ਰਤੀ ਐਨੀ ਸੱਚਾ ਸੀ ਕਿ ਉਹ ਸਫ਼ਲ ਹੋ ਗਏ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਨੂੰ ਸ. ਜੋਗਿੰਦਰ ਨੇ ਹਰ ਵਰਗ ਦਾ ਅਖ਼ਬਾਰ ਬਣਾਇਆ ਹੈ। ਇਸੇ ਕਾਰਨ ਇਹ ਲੱਖਾਂ ਲੋਕਾਂ ਵਲੋਂ ਪੜਿ੍ਹਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਵੱਡੇ ਮਾਣ ਦੀ ਗੱਲ ਹੈ ਤੇ ਅਜਿਹੀ ਮਿਸਾਲ ਕਿਤੇ ਨਹੀਂ ਮਿਲਦੀ ਕਿ ਇਕ ਐਨੇ ਵੱਡੇ ਅਖ਼ਬਾਰ ਅਤੇ ਚੈਨਲ ਦੀ ਵਾਗਡੋਰ ਔਰਤਾਂ ਸਰਦਾਰਨੀ ਜਗਜੀਤ ਕੌਰ ਤੇ ਨਿਮਰਤ ਕੌਰ ਦੇ ਹੱਥਾਂ ਵਿਚ ਹੈ। ਭਾਵੇਂ ਮੀਡੀਆ ਨੂੰ ਮਰਦਾਂ ਦਾ ਖੇਤਰ ਦਸਿਆ ਜਾਂਦਾ ਰਿਹਾ ਹੈ ਪਰ ਉਨ੍ਹਾਂ ਨੇ ਅਪਣੇ ਪਿਤਾ ਦੇ ਜਾਣ ਤੋਂ ਬਾਅਦ ਅਪਣੇ ਕੰਮ ਨੂੰ ਚੰਗੀ ਤਰ੍ਹਾਂ ਸਮਝਿਆ ਤੇ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਨਿਮਰਤ ਕੌਰ ਦੀ ਹਰੇਕ ਮੁੱਦੇ ’ਤੇ ਸਟੀਕ ਪਕੜ ਤੇ ਵੱਡੇ ਸਵਾਲ ਇਹ ਦਸਦੇ ਹਨ ਕਿ ਉਨ੍ਹਾਂ ਨੇ ਅਪਣੇ ਪਿਤਾ ਤੋਂ ਪੱਤਰਕਾਰਤਾ, ਭਾਸ਼ਾ ਤੇ ਲੋਕ ਮਨਾਂ ਦੀ ਸਹਿਜੇ ਪੜ੍ਹਨ ਦਾ ਚੰਗਾ ਗਿਆਨ ਹਾਸਲ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਜਿਥੇ ਪੰਥ ਚਿੰਤਕ, ਵਿਦਵਾਨ ਤੇ ਭਾਸ਼ਾ ਮਾਹਰ ਸਨ ਉਥੇ ਅਪਣੇ ਲੇਖਾਂ ਤੇ ਸੰਪਾਦਕੀਆਂ ਵਿਚ ਅਪਣੀ ਪਤਨੀ ਤੇ ਪੁੱਤਰੀ ਦੀ ਮਿਸਾਲ ਅਪਣੇ ਸੰਘਰਸ਼ ਵਿਚ ਸੱਭ ਤੋਂ ਪਹਿਲਾਂ ਦਿੰਦੇ ਰਹੇ ਹਨ। ਡਾ. ਗੁਰਪ੍ਰੀਤ ਕੌਰ ਨੇ ਆਖਿਆ ਕਿ ਬੇਸ਼ੱਕ ਉਹ ਸ. ਜੋਗਿੰਦਰ ਸਿੰਘ ਨੂੰ ਮਿਲ ਨਹੀਂ ਸਕੇ ਪਰ ਉਨ੍ਹਾਂ ਦੀਆਂ ਲਿਖਤਾਂ ਹਮੇਸ਼ਾ ਪੜ੍ਹਨ ਦਾ ਮੌਕਾ ਮਿਲਦਾ ਰਿਹਾ ਹੈ।
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸ. ਜੋਗਿੰਦਰ ਸਿੰਘ ਇਕ ਵੱਡਾ ਮਨੋਰਥ ਲੈ ਕੇ ਦੁਨੀਆਂ ਵਿਚ ਆਏ ਸਨ। ਉਹ ਕਰਮਯੋਗੀ ਤੇ ਬਾਬਾ ਨਾਨਕ ਜੀ ਦੀ ਬਾਣੀ ਬਾਰੇ ਸੱਚੀ ਆਸਥਾ ਰੱਖਣ ਵਾਲੇ ਸਿੱਖ ਤੇ ਮਹਾਨ ਵਿਦਵਾਨ ਸਨ। ਉਨ੍ਹਾਂ ਕਿਹਾ ਕਿ ਮਰਹੂਮ ਸੰਪਾਦਕ ਸ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਕੋਲੋਂ ਉਨ੍ਹਾਂ ਮਾਂ-ਪਿਉ ਵਰਗਾ ਨਿੱਘ ਮਿਲਿਆ ਹੈ। ਉਨ੍ਹਾਂ ਨੇ ਜੋ ਅਜੂਬਾ ਉੱਚਾ ਦਰ,, ਦੇ ਰੂਪ ਵਿਚ ਸੰਸਾਰ ਨੂੰ ਦਿਤਾ ਹੈ ਉਥੋਂ ਬਾਬੇ ਨਾਨਕ ਦੀ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਸੰਦੇਸ਼ ਦਾ ਫ਼ਲਸਫ਼ੇ ਦੀ ਰੂਹ ਦਿਸਦੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਨ੍ਹਾਂ ਤਿੰਨਾਂ ਸ਼ਬਦਾਂ ਵਿਚ ਹੀ ਜ਼ਿੰਦਗੀ ਦਾ ਅਸਲ ਮਨੋਰਥ ਤੇ ਸੰਕਲਪ ਲੁਕਿਆ ਹੋਇਆ ਹੈ ਜੋ ਬਾਬੇ ਨਾਨਕ ਨੇ ਸਮੁੱਚੀ ਲੋਕਾਈ ਨੂੰ ਭੇਟ ਕੀਤਾ ਹੈ। ਅਰੋੜਾ ਨੇ ਕਿਹਾ ਕਿ ਉੱਚਾ ਦਰ ਬਾਬੇ ਨਾਨਕ ਦਾ ਦੀ ਮੁਕੱਦਸ ਧਰਤੀ ’ਤੇ ਬਾਬੇ ਨਾਨਕ ਦੀ ਬਾਣੀ ਨੂੰ ਵਿਗਿਆਨਕ, ਅਧਿਆਤਮਕ ਤੇ ਧਾਰਮਕ ਦ੍ਰਿਸ਼ਟੀਕੋਣ ਦਾ ਸੰਦੇਸ਼ ਮਿਲਦਾ ਹੈ।
ਅਪਣੇ ਸੰਬੋਧਨ ਵਿਚ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਖ਼ੁਦ ਸ. ਜੋਗਿੰਦਰ ਸਿੰਘ ਨੂੰ ਉਨ੍ਹਾਂ ਦੀ ਸੰਗਤ ਕਰਦੇ ਰਹੇ ਹਨ। ਉਹ ਸਾਰੀ ਜ਼ਿੰਦਗੀ ਕਿਰਾਏ ਦੇ ਮਕਾਨ ’ਤੇ ਰਹਿ ਕੇ ਲੱਖਾਂ ਲੋਕਾਂ ਲਈ ਵੱਡੇ ਪ੍ਰੇਰਨਾ-ਸਰੋਤ ਬਣੇ ਹਨ। ਉਨ੍ਹਾਂ ਆਖਿਆ ਕਿ ਜਿਵੇਂ ਨਿਮਰਤ ਕੌਰ ਨੇ ਸੰਬੋਧਨ ਕੀਤਾ ਹੈ ਕਿ ਸ. ਜੋਗਿੰਦਰ ਸਿੰਘ ਕੋਲ ਵਸੀਲਿਆਂ ਦੀ ਘਾਟ ਸੀ ਪਰ ਇਹ ਗੱਲ ਵੀ ਤੈਅ ਹੈ ਕਿ ਵੱਡੇ ਤੇ ਮਹਾਨ ਕਾਰਜਾਂ ਲਈ ਪੈਸੇ ਤੇ ਵਸੀਲਿਆਂ ਦੀ ਨਹੀਂ ਦ੍ਰਿੜ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ। ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਸ. ਜੋਗਿੰਦਰ ਸਿੰਘ ਸੰਸਾਰ ਨੂੰ ਅਜਿਹਾ ਆਦਰਾ ਦੇ ਕੇ ਗਏ ਹਨ ਜੋ ਉੱਚਾ ਦਰ ਦੇ ਰੂਪ ਵਿਚ ਬਾਬਾ ਨਾਨਕ ਜੀ ਤੇ ਉਨ੍ਹਾਂ ਦੀਆਂ ਸਿਖਿਆਵਾਂ ਦੀ ਇਕ ਇੰਸਟੀਚਿਊਟ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਬੇਸ਼ੱਕ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਪਰ ਉਨ੍ਹਾਂ ਦੀ ਸੋਚ ਸਦੀਵੀਂ ਜਿਉਂਦਾ ਰਹੇਗੀ।
ਅਪਣੇ ਸਬੋਧਨ ਵਿਚ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਉਹ ਸ. ਜੋਗਿੰਦਰ ਸਿੰਘ ਤੇ ਰੋਜ਼ਾਨਾ ਸਪੋਕਸਮੈਨ ਦੀ ਵਿਚਾਰਾਧਾਰਾ ਨੂੰ ਹਮੇਸ਼ਾ ਪੜ੍ਹਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਨੇ ਸੱਚ ਲਿਖਣ ਦਾ ਬੜਾ ਵੱਡਾ ਮੁਲ ਚੁਕਾਇਆ ਹੈ ਜਿਸ ਕਰ ਕੇ ਉਨ੍ਹਾਂ ਨੂੰ ਪੰਥ ਵਿਚੋਂ ਵੀ ਛੇਕ ਦਿਤਾ ਗਿਆ ਪਰ ਉਨ੍ਹਾਂ ਨੇ ਕਦੇ ਵੀ ਪੰਥ ਦੇ ਹਿੱਤਾਂ ਤੇ ਪੰਥਕ ਮੁੱਦਿਆਂ ਬਾਰੇ ਸਲਾਹ ਦੇਣ ਤੇ ਉਨ੍ਹਾਂ ਬਾਰੇ ਲਿਖਣ ਤੋਂ ਟਾਲਾ ਨਹੀਂ ਵੱਟਿਆ। ਮਾਝੀ ਨੇ ਇਹ ਵੀ ਕਿਹਾ ਕਿ ਉਹ ਰੋਜ਼ਾਨਾ ਸਪੋਕਸਮੈਨ ਨੂੰ ਛੋਟੀ ਉਮਰ ਤੋਂ ਹੀ ਪੜ੍ਹਦੇ ਸਨ, ਇਸ ਵੇਲੇ ਉਨ੍ਹਾਂ ਦੇ ਧਾਰਮਕ ਵਿਸ਼ੇ ਦੇ ਪ੍ਰੋਫ਼ੈਸਰ ਨੇ ਵੀ ਮਾਝੀ ਨੂੰ ਯੂਨੀਵਰਸਿਟੀ ਵਿਚ ਰੋਜ਼ਾਨਾ ਸਪੋਕਸਮੈਨ ਰਸਾਲਾ ਨਾ ਲੈ ਕੇ ਆਉਣ ਦੀ ਚਿਤਾਵਨੀ ਦਿਤੀ ਸੀ। ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਨੇ ਜੋ ਵਿਚਾਰ ਗੁਰਬਾਣੀ ਪ੍ਰਤੀ ਦਿਤੇ ਹਨ ਉਹ ਭਾਵੇਂ ਸਮੇਂ ਦੇ ਹਾਕਮਾਂ ਤੇ ਧਰਮ ਦੇ ਠੇਕੇਦਾਰਾਂ ਨੂੰ ਸਮਝ ਨਾ ਆਏ ਹੋਣ ਪਰ ਇਹ ਸੱਚਾਈ, ਸੱਚ ਪੱਖੀ ਲੋਕਾਂ ਨੂੰ ਹੀ ਹਜ਼ਮ ਆਉਂਦੀ ਹੁੰਦੀ ਹੈ। ਉਨ੍ਹਾਂ ਧਰਮ ਪ੍ਰੀਵਰਤਨ ਤੇ ਪਖੰਡਵਾਦ ਬਾਰੇ ਸ. ਜੋਗਿੰਦਰ ਸਿੰਘ ਤੇ ਸਪੋਸਮੈਨ ਦੀ ਵਿਚਾਰਧਾਰਾ ਨੂੰ ਖੁਲ੍ਹ ਕੇ ਬਿਆਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਅਦਾਰਾ ਅਜੀਤ ਦੇ ਟਰੱਸਟੀ ਮੈਂਬਰ ਸੁਰਿੰਦਰ ਸਿੰਘ ਵਿਰਦੀ ਨੇ ਕਿਹਾ ਕਿ ਉਹ ਸਾਹਨੀ ਪ੍ਰਵਾਰ ਨਾਲ ਪ੍ਰਵਾਰਕ ਸਾਂਝ ਕਾਰਨ ਸਮਾਗਮ ਵਿਚ ਸ਼ਮੂਲੀਅਤ ਕਰਨ ਆਏ ਹਨ ਅਤੇ ਅੱਜ ਅਦਾਰਾ ਸਪੋਕਸਮੈਨ ਜੋਗਿੰਦਰ ਸਿੰਘ ਦੀ ਦ੍ਰਿੜਤਾ ਅਤੇ ਮਿਹਨਤ ਕਾਰਨ ਸਫ਼ਲਤਾ ਪੂਰਵਕ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਦਾਰੇ ਦੀ ਐਮਡੀ ਬੀਬੀ ਜਗਜੀਤ ਕੌਰ ਤਾਉਮਰ ਅਪਣੇ ਪਤੀ ਜੋਗਿੰਦਰ ਸਿੰਘ ਸਾਹਨੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੀ ਤਾਕਤ ਬਣੇ ਰਹੇ।
ਇਸ ਮੌਕੇ ਪੰਜਾਬ ਸਰਕਾਰ ਦੇ ਟੂਰਿਜਮ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਭਾਵੇਂ ਅੱਜ ਸਪੋਕਸਮੈਨ ਦੇ ਸੰਸਥਾਪਕ ਜੋਗਿੰਦਰ ਸਿੰਘ ਸਾਹਨੀ ਸਰੀਰਕ ਤੌਰ ’ਤੇ ਸਾਡੇ ਵਿਚ ਨਹੀਂ ਹਨ ਪਰ ਇਕ ਵਿਚਾਰਧਾਰਾ ਦੇ ਤੌਰ ’ਤੇ ਉਹ ਹਮੇਸ਼ਾ ਜ਼ਿੰਦਾ ਰਹਿਣਗੇ। ਉਨ੍ਹਾਂ ਜੋਗਿੰਦਰ ਸਿੰਘ ਸਾਹਨੀ ਨੂੰ ਅਪਣੇ ਪਿਤਾ ਸਮਾਨ ਕਰਾਰ ਦਿੰਦਿਆਂ ਕਿਹਾ ਕਿ ਬੰਦਾ ਸਮਾਜ ਵਿਚ ਵਿਚਰਨਾ, ਬੋਲਣਾ, ਵਿਹਾਰ ਕਰਨਾ ਪਿਤਾ ਤੋਂ ਹੀ ਸਿੱਖਦਾ ਹੈ ਅਤੇ ਉਨ੍ਹਾਂ ਨੇ ਵੀ ਸ. ਜੋਗਿੰਦਰ ਸਿੰਘ ਤੋਂ ਬਹੁਤ ਕੁੱਝ ਸਿਖਿਆ। ਉਨ੍ਹਾਂ ਕਿਹਾ ਸ. ਜੋਗਿੰਦਰ ਸਿੰਘ ਸਿੱਖ ਇਤਿਹਾਸ ਦਾ ਸੋਮਾ ਸਨ ਅਤੇ ਉਨ੍ਹਾਂ ਕੋਲ ਸਿੱਖ ਇਤਿਹਾਸ ਬਾਰੇ ਅਥਾਹ ਜਾਣਕਾਰੀ ਸੀ। ਭਾਰਤ ਦੇ ਸਾਬਕਾ ਚੀਫ਼ ਕਮਿਸ਼ਨਰ ਜਸਜੀਤ ਸਿੰਘ ਆਹਲੂਵਾਲੀਆ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਰਾਹੀਂ ਜੋ ਸਿਖਿਆਵਾਂ ਦਿਤੀਆਂ ਉਨ੍ਹਾਂ ਨੇ ਅਪਣਾ ਜੀਵਨ ਅਮਲੀ ਰੂਪ ਵਿਚ ਉਨ੍ਹਾਂ ਸਿਖਿਆਵਾਂ ’ਤੇ ਚਲ ਕੇ ਜੀਵਿਆ। ਉਨ੍ਹਾਂ ਸ. ਜੋਗਿੰਦਰ ਸਿੰਘ ਦੀ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਬਾਰੇ ਗਿਆਨ ਤੇ ਮੁਹਾਰਤ ਬਾਰੇ ਵੀ ਅਪਣੇ ਵਿਚਾਰ ਰੱਖੇ।
ਬ੍ਰਿਗੇਡੀਅਰ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਅਦਾਰੇ ਦੇ ਸੰਸਥਾਪਕ ਸ. ਜੋਗਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਲਿਖਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਉਨ੍ਹਾਂ ਦੀਆਂ ਲਿਖਤਾਂ ਨੂੰ ਅਪਣੇ ਅਖ਼ਬਾਰ ਅਤੇ ਮੈਗਜ਼ੀਨ ਵਿਚ ਵਿਸ਼ੇਸ਼ ਥਾਂ ਦਿਤੀ ਜਾਂਦੀ ਰਹੀ ਅਤੇ ਹੁਣ ਵੀ ਦਿਤੀ ਜਾ ਰਹੀ ਹੈ। ਸਾਗਾ ਮਿਊਜ਼ਿਕ ਕੰਪਨੀ ਦੇ ਐਮਡੀ ਗੁਰਬਖ਼ਸ਼ ਸਿੰਘ ਮਨਚੰਦਾ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਸ. ਜੋਗਿੰਦਰ ਸਿੰਘ ਦਾ ਸਾਰਾ ਜੀਵਨ ਬਾਬੇ ਨਾਨਕ ਦੀਆਂ ਸਿਖਿਆਵਾਂ ’ਤੇ ਚਲਦੇ ਹੋਏ ਬੀਤਿਆ ਅਤੇ ਉਨ੍ਹਾਂ ਅਪਣੀ ਜੀਵਨ ਦੀ ਸਾਰੀ ਲੜਾਈ ਕਲਮ ਨਾਲ ਲੜੀ। ਇਸ ਮੌਕੇ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਜੋਗਿੰਦਰ ਸਿੰਘ ਸਾਹਨੀ ਵਰਗੇ ਬੰਦੇ ਕਦੇ ਕਦੇ ਜੰਮਦੇ ਹਨ ਜੋ ਕਲਮ ਤੋਂ ਬੰਦੂਕ ਦਾ ਕੰਮ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਸਾਹਨੀ ਨੇ ਉਸ ਸਮੇਂ ਉਨ੍ਹਾਂ ਦਾ ਸਾਥ ਦਿਤਾ ਜਦੋਂ ਉਨ੍ਹਾਂ ਨੂੰ ਇਕ ਨਿਜੀ ਕੰਪਨੀ ਦੇ ਉੱਚ ਅਹੁਦੇ ਤੋਂ ਨੌਕਰੀ ਵਿਚੋਂ ਕੱਢ ਦਿਤਾ ਗਿਆ। ਉਨ੍ਹਾਂ ਅਕਾਲੀ ਸਰਕਾਰ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਅਕਾਲੀ ਸਰਕਾਰ ਸਮੇਂ ਸਪੋਕਸਮੈਨ ਦੇ ਸੰਸਥਾਪਕ ਜੋਗਿੰਦਰ ਸਿੰਘ ਤੇ ਝੂਠਾ ਪਰਚਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਮੈਂ ਅੱਜ ਵਿਧਾਇਕ ਹਾਂ ਤਾਂ ਇਸ ਪ੍ਰਾਪਤੀ ਪਿੱਛੇ ਜਿਥੇ ਇਲਾਕੇ ਦੇ ਲੋਕਾਂ ਦਾ ਹੱਥ ਹੈ ਉੱਥੇ ਸਪੋਕਸਮੈਨ ਦਾ ਬਹੁਤ ਵੱਡਾ ਯੋਗਦਾਨ ਹੈ।
ਚਿੱਲੜ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਉਹ 1984 ਤੋਂ ਅਦਾਰਾ ਸਪੋਕਸਮੈਨ ਜੁੜੇ ਹੋਏ ਹਨ ਅਤੇ ਅੱਜ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਉੱਚਾ ਦਰ ਬਾਬੇ ਨਾਨਕ ਦਾ ਨਾਮ ਦੀ ਸੰਸਥਾ ਵਿਚ ਹੋ ਰਹੇ ਸਮਾਗਮ ਵਿਚ ਬੈਠੇ ਹਨ। ਇਹ ਅਦਾਰਾ ਆਮ ਲੋਕਾਂ ਦਾ ਹੈ। ਉਨ੍ਹਾਂ ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੂੰ ਕਲਮ ਦੀ ਧਨੀ ਕਰਾਰ ਦਿਤਾ। ਆਦੇਸ਼ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਗੁਰਪ੍ਰੀਤ ਇੰਦਰ ਸਿੰਘ ਨੇ ਨਾਨਕ ਵਿਚਾਰ ਸੰਮੇਲਨ ਵਿਚ ਆਈਆਂ ਸੰਗਤਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਜੋਗਿੰਦਰ ਸਿੰਘ ਅਤੇ ਨਿਮਰਤ ਕੌਰ ਦੇ ਲੇਖ ਸ਼ਲਾਘਾਯੋਗ ਅਤੇ ਉਸਾਰੂ ਸੋਚ ਵਾਲੀ ਪਹੁੰਚ ਵਾਲੇ ਹੁੰਦੇ ਹਨ।
ਸਮਾਗਮ ਵਿਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਤੇ ਚੰਡੀਗੜ੍ਹ ਤੋਂ ਵੱਖ ਵੱਖ ਰਾਜਸੀ, ਸਮਾਜਕ ਤੇ ਧਾਰਮਕ ਸੰਗਠਨਾਂ ਦੇ ਨੇਤਾ ਅਤੇ ਨੁਮਾਇੰਦੇ ਵੱਡੀ ਗਿਣਤੀ ਵਿਚ ਪਹੁੰਚੇ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਬੱਚਿਆਂ ਦੇ ਚਿੱਤਰਕਾਰੀ ਅਤੇ ਲੇਖ ਮੁਕਾਬਲੇ ਵੀ ਕਰਵਾਏ ਗਏ ਅਤੇ ਮਰਹੂਮ ਜੋਗਿੰਦਰ ਸਿੰਘ ਸਾਹਨੀ ਵਲੋਂ ਲਿਖੀਆਂ ਅਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਪਰੋਸਾਈਟ ਆਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਅੱਖਾਂ ਦੀ ਮਾਹਰ ਡਾਕਟਰ ਸ਼ੀਤਲ ਬਰਾੜ ਦੀ ਅਗਵਾਈ ਵਿਚ ਸਮਾਗਮ ਵਿਚ ਆਈਆਂ ਸੰਗਤਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ।