
76 ਹਜ਼ਾਰ ਰੁਪਏ ਅਤੇ 36 ਪੇਟੀਆਂ ਸ਼ਰਾਬ ਬਰਾਮਦ
ਫ਼ਤਿਹਗੜ੍ਹ ਸਾਹਿਬ, 19 ਮਈ (ਇੰਦਰਪ੍ਰੀਤ ਬਖਸ਼ੀ): ਥਾਣਾ ਸਰਹਿੰਦ ਦੀ ਪੁਲਿਸ ਨੇ ਬੀਤੀ 27 ਅਪ੍ਰੈਲ ਨੂੰ ਐਲ-1 ਗਡਾਊਨ ਸਾਨੀਪੁਰ ਰੋਡ ਸਰਹਿੰਦ ਤੋਂ 234 ਪੇਟੀਆਂ ਸ਼ਰਾਬ ਚੋਰੀ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ ਨੇ ਦਸਿਆ ਕਿ ਅਸ਼ੋਕ ਕੁਮਾਰ ਵਾਸੀ ਜ਼ਿਲ੍ਹਾ ਰੂਪ ਨਗਰ ਨੇ 30 ਅਪ੍ਰੈਲ ਨੂੰ ਥਾਣਾ ਸਰਹਿੰਦ ਵਿਖੇ ਬਿਆਨ ਲਿਖਵਾਇਆ ਸੀ ਕਿ 27 ਅਪ੍ਰੈਲ ਨੂੰ ਐਲ-1 ਗਡਾਊਨ ਸਾਨੀਪੁਰ ਰੋਡ ਤੋਂ ਨਾਮਾਲੂਮ ਵਿਅਕਤੀ/ ਵਿਅਕਤੀਆਂ ਨੇ 234 ਪੇਟੀਆਂ ਸ਼ਰਾਬ ਅੰਗਰੇਜ਼ੀ ਵੱਖ-ਵੱਖ ਕਿਸਮ ਚੋਰੀ ਕਰ ਲਈਆਂ ਹਨ।
File photo
ਡੀ.ਐੱਸ.ਪੀ. ਕਾਹਲੋਂ ਨੇ ਦਸਿਆ ਕਿ ਐਸ.ਐਸ.ਪੀ. ਅਮਨੀਤ ਕੌਂਡਲ ਅਤੇ ਐਸ.ਪੀ. ਹਰਪਾਲ ਸਿੰਘ ਦੀਆਂ ਹਦਾਇਤਾਂ ’ਤੇ ਸ਼ਰਾਰਤੀ ਅਨਸਰਾਂ ਵਿਰੁਧ ਚਲਾਈ ਹੋਈ ਮੁਹਿੰਮ ਤਹਿਤ ਉਕਤ ਮਾਮਲੇ ’ਤੇ ਕਾਰਵਾਈ ਕਰਦਿਆਂ ਥਾਣਾ ਸਰਹਿੰਦ ਦੀ ਪੁਲਿਸ ਨੇ ਬੀਤੇ ਦਿਨੀਂ ਗੁਰਸੇਵਕ ਸਿੰਘ ਵਾਸੀ ਸਰਹਿੰਦ ਕੋਲੋ ਕਥਿਤ ਤੌਰ ’ਤੇ 32 ਪੇਟੀਆਂ ਸ਼ਰਾਬ ਅੰਗਰੇਜ਼ੀ ਅਤੇ 76 ਹਜ਼ਾਰ ਰੁਪਏ, ਬਲਜਿੰਦਰ ਸਿੰਘ ਅਤੇ ਰਾਕੇਸ਼ ਕੁਮਾਰ ਵਾਸੀ ਸਰਹਿੰਦ ਕੋਲੋਂ ਕਥਿਤ ਤੌਰ ’ਤੇ 2-2 ਪੇਟੀਆਂ ਸ਼ਰਾਬ ਅੰਗਰੇਜ਼ੀ ਬਰਾਮਦ ਕੀਤੀਆਂ ਹਨ। ਮਾਮਲੇ ਵਿਚ ਗੁਰਪ੍ਰੀਤ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਕੀ ਰਹਿੰਦੇ ਵਿਅਕਤੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਮਾਮਲੇ ਦੀ ਤਫ਼ਤੀਸ਼ ਸਹਾਇਕ ਥਾਣੇਦਾਰ ਕਰਮ ਸਿੰਘ ਵਲੋਂ ਅਮਲ ਵਿਚ ਲਿਆਂਦੀ ਜਾ ਰਹੀ ਹੈ।