
ਪੰਜਾਬ ਨੇ ਕਈ ਭਰੇ ਟਰੱਕ ਕੇਂਦਰ ਨੂੰ ਵਾਪਸ ਭੇਜੇ, ਮੰਤਰੀ ਆਸ਼ੂ ਨੇ ਕੇਂਦਰ ਸਰਕਾਰ ਵੋਲ ਸਖ਼ਤ ਰੋਸ ਵੀ ਦਰਜ ਕਰਵਾਇਆ
ਚੰਡੀਗੜ੍ਹ, 19 ਮਈ (ਗੁਰਉਪਦੇਸ਼ ਭੁੱਲਰ): ਕੇਂਦਰ ਸਰਕਾਰ ਜਿੱਥੇ ਪੰਜਾਬ ਨੂੰ ਵਿੱਤੀ ਸਹਾਇਤਾ ਦੇਣ 'ਚ ਹੱਥ ਪਿੱਛੇ ਖਿੱਚ ਰਿਹਾ ਹੈ, ਉਥੇ ਹੁਣ ਕੇਂਦਰ ਸਰਕਾਰ ਵਲੋਂ ਸੂਬੇ 'ਚ ਲੋੜਵੰਦ ਗ਼ਰੀਬ ਲੋਕਾਂ ਨੂੰ ਵੰਡਣ ਲਈ ਭੇਜੇ ਗਏ ਰਾਸ਼ਨ 'ਚ ਘਟੀਆ ਮਿਆਰ ਦੀ ਦਾਲ ਭੇਜੇ ਜਾਣ ਦਾ ਭਾਂਡਾ ਵੀ ਭੱਜ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਭੇਜੇ ਰਾਸ਼ਨ ਨੂੰ ਵੰਡੇ ਨਾ ਜਾਣ ਦੇ ਮੁੱਦੇ 'ਤੇ ਪਿਛਲੇ ਦਿਨਾਂ 'ਚ ਅਕਾਲੀ ਅਤੇ ਭਾਜਪਾ ਦੇ ਪ੍ਰਮੁੱਖ ਨੇਤਾਵਾਂ ਨੇ ਖ਼ੂਬ ਰਾਜਨੀਤੀ ਕੀਤੀ। ਇਨ੍ਹਾਂ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਂ ਜ਼ਿਕਰਯੋਗ ਹਨ। ਭਾਜਪਾ ਨੇ ਤਾਂ ਰਾਸ਼ਨ ਦੇ ਮੁੱਦੇ 'ਤੇ ਸੂਬੇ ਭਰ 'ਚ ਵਰਤ ਵੀ ਰਖਿਆ ਸੀ।
File photo
ਜ਼ਿਕਰਯੋਗ ਹੈ ਕਿ ਕੇਂਦਰ ਵਲੋਂ ਕਣਕ ਨਾਲ ਦਾਲ ਦੀ ਸਪਲਾਈ ਸ਼ੁਰੂ 'ਚ ਤਾਂ ਮੁਸ਼ਕਲ ਨਾਲ 25 ਫ਼ੀ ਸਦੀ ਹੀ ਭੇਜੀ ਗਈ ਸੀ ਤੇ ਉਸ ਤੋਂ ਬਾਅਦ ਰੌਲੇ-ਰੱਪੇ ਕਾਰਨ ਦੇਰੀ ਨਾਲ ਬਾਕੀ ਸਪਲਾਈ ਭੇਜਣੀ ਸ਼ੁਰੂ ਕੀਤੀ ਗਈ। ਇਸ ਕਾਰਨ ਪੰਜਾਬ ਸਰਕਾਰ ਵਲੋਂ ਦਾਲ ਵੰਡਣ 'ਚ ਦੇਰੀ ਵੀ ਹੋਈ। ਅਪ੍ਰੈਲ ਮਹੀਨੇ ਦੇ ਅੰਤ ਤਕ 700 ਮੀਟ੍ਰਿਕ ਟਨ ਦੇ ਕਰੀਬ ਦਾਲ ਦੀ ਸਪਲਾਈ ਆਈ। ਇਸ 'ਚੋਂ ਪਿਛਲੇ ਦਿਨਾਂ 'ਚ ਜੋ ਦਾਲ ਵੰਡੀ ਗਈ ਉਸ ਦੀ ਘਟੀਆ ਕੁਆਲਿਟੀ ਦੇ ਮਾਮਲੇ ਸ਼ੁਰੂ ਆਉਣ ਲੱਗੇ। ਮਿਲੀ ਜਾਣਕਾਰੀ ਅਨੁਸਾਰ 50 ਮੀਟ੍ਰਿਕ ਟਨ ਤੋਂ ਵੱਧ ਦਾਲ ਮਾੜੀ ਕੁਆਲਿਟੀ ਦੀ ਹੋਣ ਕਾਰਨ ਪੰਜਾਬ ਸਰਕਾਰ ਵਲੋਂ ਕੇਂਦਰ ਨੂੰ ਵਾਪਸ ਭੇਜ ਦਿਤੀ ਗਈ ਹੈ।
ਕੇਂਦਰ ਦੀ ਘਟੀਆ ਦਾਲ ਬਾਰੇ ਹੁਣ ਜਵਾਬ ਦੇਣ ਅਕਾਲੀ-ਭਾਜਪਾ ਵਾਲੇ : ਆਸ਼ੂ
ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰ ਤੋਂ ਵੰਡਣ ਲਈ ਆਈ ਦਾਲ ਦੀ ਸਪਲਾਈ ਦੀ ਕੁਆਲਿਟੀ ਘਟੀਆ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਬਾਰੇ ਜ਼ਿਲ੍ਹਾ ਮੋਹਾਲੀ ਅਤੇ ਹੋਰ ਕਈ ਥਾਵਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ। ਦਾਲ 'ਚ ਰੇਤੇ ਵਰਗੀ ਕਿਸੇ ਚੀਜ਼ ਦੀ ਵੀ ਮਿਲਾਵਟ ਵੇਖਣ 'ਚ ਆਈ ਹੈ। ਇਸ ਤੋਂ ਬਾਅਦ ਪਿਛਲੇ ਕੁੱਝ ਦਿਨਾਂ ਦੌਰਾਨ ਆਏ ਦਾਲ ਦੀ ਸਪਲਾਈ ਦੇ ਕਈ ਭਰੇ ਟਰੱਕ ਵਾਪਸ ਕੇਂਦਰ ਵਲ ਭੇਜ ਦਿਤੇ ਗਏ ਹਨ। ਪੰਜਾਬ ਸਰਕਾਰ ਵਲੋਂ ਅਪਣਾ ਰੋਸ ਵੀ ਦਰਜ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਜਿਥੇ ਗ਼ਰੀਬ ਪ੍ਰਵਾਸੀ ਮਜ਼ਦੂਰਾਂ ਤੋਂ ਰੇਲ ਕਿਰਾਇਆ ਵਸੂਲਣ ਦੀ ਕੋਸ਼ਿਸ਼ ਕੀਤੀ, ਉਥੇ ਹੁਣ ਘਟੀਆ ਦਾਲ ਦੀ ਖੇਡ ਵੀ ਨੰਗੀ ਹੋ ਗਈ ਹੈ। ਉਨ੍ਹਾਂ ਪੰਜਾਬ ਦੇ ਉਨ੍ਹਾਂ ਪ੍ਰਮੁੱਖ ਅਕਾਲੀ ਅਤੇ ਭਾਜਪਾ ਆਗੂਆਂ, ਜਿਨ੍ਹਾਂ ਨੇ ਕੇਂਦਰ ਸਰਕਾਰ ਨੂੰ ਭੇਜੇ ਰਾਸ਼ਨ ਦੀ ਵੰਡ ਨੂੰ ਲੈ ਕੇ ਬੇਲੋੜਾ ਹੋ-ਹੱਲਾ ਪਾਇਆ ਸੀ, ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਹੁਣ ਉਹ ਘਟੀਆ ਦਾਲ ਸਪਲਾਈ ਬਾਰੇ ਜਵਾਬ ਦੇਣ ਅਤੇ ਕੇਂਦਰ ਸਰਕਾਰ ਤੋਂ ਵੀ ਪੁੱਛਣ ਕਿ ਪੰਜਾਬ ਨਾਲ ਅਜਿਹਾ ਸਲੂਕ ਕਿਉਂ ਕਰ ਰਹੀ ਹੈ?