
24 ਘੰਟੇ ’ਚ 22 ਪਾਜ਼ੇਟਿਵ ਮਾਮਲੇ ਆਏ, ਕੁਲ ਮੌਤਾਂ ਹੋਈਆਂ 38
ਚੰਡੀਗੜ੍ਹ, 19 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ 22 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸੂਬੇ ’ਚ ਕੋਰੋਨਾ ਵਾਇਰਸ ਪੀੜਤਾਂ ਦਾ ਅੰਕੜਾ 2000 ਤੋਂ ਪਾਰ ਹੋ ਗਿਆ ਹੈ। ਕੋਰੋਨਾ ਨਾਲ ਮੌਤਾਂ ਦੀ ਗਿਣਤੀ ਹੁਣ ਤਕ 38 ਹੋ ਚੁੱਕੀ ਹੈ। ਸ਼ਾਮ ਤਕ ਕੁੱਲ ਪਾਜ਼ੇਟਿਵ ਮਾਮਲੇ 2002 ਹੋ ਗਏ ਸਨ ਜੋ ਦੇਰ ਰਾਤ ਤਕ ਹੋਰ ਵੱਧ ਸਕਦੇ ਹਨ।
File photo
ਅੱਜ 95 ਹੋਰ ਮਰੀਜ਼ਾਂ ਨੂੰ ਹਸਪਤਾਲਾਂ ਅਤੇ ਸਰਕਾਰੀ ਏਕਾਂਤਵਾਸਾਂ ’ਚੋਂ ਛੁੱਟੀ ਦੇ ਕੇ ਠੀਕ ਹੋਣ ਤੋਂ ਬਾਅਦ ਘਰ ਭੇਜਿਆ ਗਿਆ ਹੈ। 1642 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹੁਣ ਤਕ ਘਰ ਭੇਜਿਆ ਜਾ ਚੁੱਕਾ ਹੈ। ਇਸ ਸਮੇਂ 322 ਕੋਰੋਨਾ ਪੀੜਤ ਹਸਪਤਾਲਾਂ ’ਚ ਇਲਾਜ ਅਧੀਨ ਹਨ। ਇਸ ਸਮੇਂ ਕੁੱਲ ਪਾਜ਼ੇਟਿਵ ਕੇਸਾਂ ਦੇ ਅੰਕੜੇ ਅਨੁਸਾਰ, ਸੱਭ ਤੋਂ ਵੱਧ ਅਮਿ੍ਰਤਸਰ ਜ਼ਿਲ੍ਹੇ ’ਚ 300 ਤੋਂ ਵੱਧ ਮਾਮਲੇ ਸਨ, ਜਿਨ੍ਹਾਂ ’ਚੋਂ ਬਹੁਤੇ ਠੀਕ ਹੋ ਚੁੱਕੇ ਹਨ।
ਜਲੰਧਰ ਜ਼ਿਲ੍ਹੇ ’ਚ 200 ਤੋਂ ਵੱਧ ਪਾਜ਼ੇਟਿਵ ਮਾਮਲੇ ਆਏ, ਜਿਨ੍ਹਾਂ ’ਚੋਂ 48 ਠੀਕ ਹੋਏ ਹਨ। 100 ਤੋਂ ਵੱਧ ਪਾਜ਼ੇਟਿਵ ਕੇਸਾਂ ਵਾਲੇ ਜ਼ਿਲਿ੍ਹਆਂ ’ਚ ਤਰਨ ਤਾਰਨ, ਲੁਧਿਆਣਾ, ਗੁਰਦਾਸਪੁਰ, ਨਵਾਂਸ਼ਹਿਰ, ਮੋਹਾਲੀ ਅਤੇ ਪਟਿਆਲਾ ਸ਼ਾਮਲ ਹਨ। ਇਨ੍ਹਾਂ ’ਚੋਂ ਲੁਧਿਆਣਾ ਨੂੰ ਛੱਡ ਕੇ ਬਾਕੀ ਜ਼ਿਲਿ੍ਹਆਂ ’ਚ ਬਹੁਤੇ ਮਰੀਜ਼ ਠੀਕ ਹੋ ਚੁੱਕੇ ਹਨ।