
ਵਿਧਾਨ-ਸਭਾ ਸਪੀਕਰ ਸਖ਼ਤ ਹੋਏ
ਚੰਡੀਗੜ੍ਹ, 19 ਮਈ (ਜੀ.ਸੀ. ਭਾਰਦਵਾਜ) : ਪੰਜਾਬ ’ਚ 19 ਵਿਧਾਇਕਾਂ ਵਾਲੀ ਵਿਰੋਧੀ ਧਿਰ ‘ਆਪ’ ਦੇ ਚਾਰ ਵਿਧਾਇਕਾਂ ਸੁਖਪਾਲ ਖਹਿਰਾ, ਅਮਰਜੀਤ ਸੰਦੋਆ, ਨਾਜਰ ਸਿੰਘ ਮਾਨਸ਼ਾਹੀਆ ਅਤੇ ਮਾਸਟਰ ਬਲਦੇਵ ਸਿੰਘ ਜੈਤੋ ਦੇ ਸਿਰ ’ਤੇ ‘ਅਯੋਗਤਾ’ ਦੀ ਤਲਵਾਰ ਜੋ ਕੋਰੋਨਾ ਵਾਇਰਸ ਕਾਰਨ 2 ਮਹੀਨੇ ਠੰਢੀ ਪੈ ਗਈ ਸੀ, ਹੁਣ ਫਿਰ ਤੇਜ਼ਧਾਰ ਅਖ਼ਤਿਆਰ ਕਰਨਾ ਸ਼ੁਰੂ ਹੋ ਗਈ ਹੈ। ਭੁਲੱਥ ਦੇ ਵਿਧਾਇਕ ਖਹਿਰਾ ਅਤੇ ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਨੂੰ ਸਪੀਕਰ ਰਾਣਾ ਕੇ.ਪੀ. ਸਿੰਘ ਨੇ 31 ਜੁਲਾਈ ਸ਼ੁਕਰਵਾਰ ਨੂੰ ਅਪਣਾ ਪੱਖ, ਅਪਣੇ ਵਕੀਲ ਰਾਹੀਂ ਪੇਸ਼ ਕਰਨ ਲਈ ਵਿਧਾਨ ਸਭਾ ਕੰਪਲੈਕਸ ’ਚ ਬੁਲਾਇਆ ਹੈ।
ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਆਮ ਚੋਣਾਂ ’ਚ ਭੁਲੱਥ ਹਲਕੇ ਤੋਂ ‘ਆਪ’ ਪਾਰਟੀ ਦੀ ਟਿਕਟ ’ਤੇ ਜਿੱਤੇ ਖਹਿਰਾ ਨੂੰ ਸ. ਹਰਵਿੰਦਰ ਸਿੰਘ ਫੂਲਕਾ ਤੋਂ ਬਾਅਦ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਜੋਂ ਨਿਯੁਕਤ ਕੀਤਾ ਸੀ, ਪਰ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਇਕ ਸਾਲ ਦੇ ਅੰਦਰ ਹੀ ਨਵੇਂ ਨੇਤਾ ਹਰਪਾਲ ਚੀਮਾ ਨੂੰ ਤੈਨਾਤ ਕਰ ਦਿਤਾ। ਇਸ ਬੇਇੱਜ਼ਤੀ ਕਾਰਨ ਸ. ਖਹਿਰਾ ਨੇ ਕਈ ਪਾਰਟੀ ਵਿਰੋਧੀ ਬਿਆਨ ਦਿਤੇ। ਸਪੀਕਰ ਨੂੰ ਅਸਤੀਫ਼ਾ ਭੇਜਿਆ। ਹਰਪਾਲ ਚੀਮਾ ਨੇ ਖਹਿਰਾ ਵਿਰੁਧ ਪਟੀਸ਼ਨ ਦਰਜ ਕੀਤੀ।
File photo
ਖਹਿਰਾ ਨੇ ਜਨਵਰੀ 2019 ’ਚ ਨਵੀਂ ਪਾਰਟੀ ‘ਪੰਜਾਬੀ ਏਕਤਾ ਪਾਰਟੀ’ ਬਣਾਈ। ਇਸੇ ਦੇ ਟਿਕ ’ਤੇ ਬਠਿੰਡਾ ਲੋਕ ਸਭਾ ਸੀਟ ’ਤੇ ਚੋਣ ਲੜੀ, ਬੁਰੀ ਤਰ੍ਹਾਂ ਹਾਰੇ, ਸਪੀਕਰ ਤੋਂ ਅਸਤੀਫ਼ਾ ਵਾਪਸ ਲੈਣ ਦਾ ਨਾਟਕ ਕੀਤਾ। ਇਸ ਵਿਚਕਾਰ ਵਿਧਾਨ ਸਭਾ ਇਜਲਾਸਾਂ ’ਚ ਵੀ ਹਾਜ਼ਰੀ ਭਰੀ। ਪਰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਹੁਣ ਸਖ਼ਤ ਰਵਈਆ ਅਪਾਉਂਦਿਆਂ 31 ਜੁਲਾਈ ਨੂੰ ਪੇਸ਼ ਹੋਣ ਲਈ ਲਿਖਤੀ ਚਿੱਠੀ ਭੇਜੀ ਹੈ।
File photo
ਇਸੇ ਤਰ੍ਹਾਂ ਰੋਪੜ ਤੋਂ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਪ੍ਰੈਲ 2019 ’ਚ ਐਲਾਨੀਆਂ ਸੱਤਾਧਾਰੀ ਪਾਰਟੀ ਕਾਂਗਰਸ ’ਚ ਸ਼ਾਮਲ ਹੋ ਗਏ। ਪਰ ਸਾਲ ਭਰ ਤੋਂ ਅਜੇ ਵੀ ‘ਆਪ’ ’ਚ ਹਨ, ਤਨਖ਼ਾਹ ਤੇ ਹੋਰ ਭੱਤੇ ਸਹੂਲਤਾਂ ਲਈ ਜਾ ਰਹੇ ਹਨ। ਇਨ੍ਹਾਂ ਨੂੰ ਵੀ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਕੀਲ ਰਾਹੀਂ ਪੇਸ਼ ਹੋਣ ਲਈ ਲਿਖਿਆ ਹੈ। ਸੰਦੋਆ ਵਿਰੁਧ ਪਟੀਸ਼ਨ ਰੋਪੜ ਤੋਂ ਐਡਵੋਕੇਟ ਦਿਨੇਸ਼ ਚੱਢਾ ਨੇ ਦਰਜ ਕੀਤੀ ਹੈ।
File photo
ਜੈਤੋ ਰਿਜ਼ਰਵ ਹਲਕੇ ਤੋਂ ‘ਆਪ’ ਵਿਧਾਇਕ ਬਲਦੇਵ ਸਿੰਘ ਨੇ ਵੀ, ਖਹਿਰਾ ਦੀ ‘ਪੰਜਾਬ ਏਕਤਾ ਪਾਰਟੀ’ ਦੀ ਟਿਕਟ ’ਤੇ ਫ਼ਰੀਦਕੋਟ ਰਿਜ਼ਰਵ ਲੋਕ ਸਭਾ ਸੀਟ ਤੋਂ 2019 ’ਚ ਚੋਣ ਲੜੀ ਸੀ, ਹਾਰ ਗਏ, ਪਰ ਅਜੇ ਵੀ ਪਿਛਲੇ 13 ਮਹੀਨਿਆਂ ਤੋਂ ਬਤੌਰ ‘ਆਪ’ ਦੇ ਵਿਧਾਇਕ ਤਨਖ਼ਾਹ, ਭੱਤੇ, ਹੋਰ ਸਹੂਲਤਾਂ ਲੈ ਰਹੇ ਹਨ।
ਇਸ ਵਿਧਾਇਕ ਵਿਰੁਧ ਵੀ ਦੋ-ਤਿੰਨ ਪਟੀਸ਼ਨ ਸਪੀਕਰ ਕੋਲ ਦਰਜ ਹਨ, ਇਨ੍ਹਾਂ ਕਈ ਵਾਰ ਬੀਮਾਰੀ ਦੇ ਬਹਾਨੇ ਲਗਾਏ। ਹੁਣ ਲਿਖ ਕੇ ਕਿਹਾ, ‘ਪਟੀਸ਼ਨਕਰਤਾ ਨੇ ਕੇਸ ਵਾਪਸ ਲੈ ਲਿਆ, ਜਿਸ ਦੀ ਇਨਕੁਆਰੀ ਸਕੱਤਰ, ਵਿਧਾਨ ਸਭਾ ਕਰ ਰਹੇ ਹਨ। ਰੀਪੋਰਟ ਆਉਣ ’ਤੇ ਬਲਦੇਵ ਜੈਤੋ ਨੂੰ ਵੀ ਛੇਤੀ ਹੀ ਤਲਬ ਕੀਤਾ ਜਾਵੇਗਾ ਤਾਕਿ ‘ਅਯੋਗ’ ਕਰਾਰ ਦੇਣ ਦੇ ਕੇਸ ਬਾਰੇ ਸਪੀਕਰ ਰਾਣਾ ਕੇ.ਪੀ. ਸਿੰਘ ਫ਼ੈਸਲਾ ਕਰ ਲੈਣ।
File photo
ਇਕ ਹੋਰ ‘ਆਪ’ ਵਿਧਾਇਕ ਮਾਨਸਾ ਹਲਕੇ ਤੋਂ ਨਾਜਰ ਸਿੰਘ ਮਾਨਸ਼ਾਹੀਆ ਵੀ ਸੰਦੋਆ ਵਾਂਗ ਪਿਛਲੇ ਸਾਲ ਕਾਂਗਰਸ ’ਚ ਸ਼ਾਮਲ ਹੋ ਗਏ, ਮੁੱਖ ਮੰਤਰੀ ਤੋਂ ਹਾਰ ਪੁਆ ਕੇ ਮੀਡੀਆ ’ਚ ਫ਼ੋਟੋਆਂ ਲੁਆਈਆਂ, ਪਰ ਪਿਛਲੇ ਤਿੰਨ ਇਜਲਾਸਾਂ ’ਚ ਉਹ ਵਿਰੋਧੀ ਧਿਰ ਵਲ ਹੀ ਬੈਂਚਾਂ ’ਤੇ ਬੈਠੇ ਰਹੇ। ਪਿਛਲੇ ਮਹੀਨੇ ਉਨ੍ਹਾਂ ਨੂੰ ਸਪੀਕਰ ਨੇ ਤਲਬ ਕੀਤਾ ਸੀ ਤਾਂ ਮਾਨਸ਼ਾਹੀਆ ਨੇ, ਉਨ੍ਹਾਂ ਨੂੰ ‘ਅਯੋਗ’ ਯਾਨੀ ਡਿਸਕੁਆਲੀਫਾਈ ਕਰਨ ਸਬੰਧੀ, ਵਿਧਾਨ ਸਭਾ ਵਲੋਂ ਬਣਾਏ ਨਿਯਮਾਂ ਦੀ ਕਾਪੀ ਮੰਗੀ ਸੀ। ਕਿਉੁਂਕਿ ਅਜਿਹੇ ਨਿਯਮ ਅਜੇ ਅੰਤਮ ਰੂਪ ਦੇਣ ਬਾਰੇ ਸਪੀਕਰ ਸਾਹਿਬ ਦੇ ਧਿਆਨ ਗੋਚਰੇ ਹਨ, ਮਾਨਸ਼ਾਹੀਆ ਨੂੰ ਵੀ ਹੁਣ ਛੇਤੀ ਪੇਸ਼ ਹੋਣ ਲਈ ਲਿਖਿਆ ਜਾਵੇਗਾ।