
ਮੀਂਹ ਕਾਰਨ ਦਿੱਲੀ ਬਾਰਡਰ 'ਤੇ ਬੈਠੇ ਕਿਸਾਨਾਂ ਦੇ ਟੈਂਟਾਂ ਤੇ ਟਰਾਲੀਆਂ ਦਾ ਨੁਕਸਾਨ
ਮੀਂਹ ਕਾਰਨ ਦਿੱਲੀ ਬਾਰਡਰ 'ਤੇ ਬੈਠੇ ਕਿਸਾਨਾਂ ਦੇ ਟੈਂਟਾਂ ਤੇ ਟਰਾਲੀਆਂ ਦਾ ਨੁਕਸਾਨ
ਕੇਂਦਰ-ਸਰਕਾਰ ਕਿਸਾਨਾਂ ਦਾ ਸਬਰ ਪਰਖ ਰਹੀ ਹੈ : ਆਗੂ
ਨਵੀਂ ਦਿੱਲੀ, 19 ਮਈ : ਅੱਜ ਸਵੇਰ ਤੋਂ ਹੀ ਭਾਰੀ ਬਾਰਸ਼ ਕਾਰਨ ਦਿੱਲੀ ਦੇ ਕਿਸਾਨ-ਮੋਰਚਿਆਂ 'ਚ ਭਾਰੀ ਨੁਕਸਾਨ ਹੋ ਰਿਹਾ ਹੈ | ਲੰਗਰ ਦੇ ਪ੍ਰਬੰਧਨ ਅਤੇ ਕਿਸਾਨਾਂ ਦੇ ਰਹਿਣ-ਸਹਿਣ ਵਿਚ ਸਮੱਸਿਆਵਾਂ ਆਈਆਂ ਹਨ | ਸੜਕਾਂ 'ਤੇ ਪਾਣੀ ਭਰ ਗਿਆ ਹੈ | ਹਾਲਾਂਕਿ ਮੀਂਹ ਅਜੇ ਵੀ ਜਾਰੀ ਹੈ ਅਤੇ ਮੌਸਮ ਵਿਭਾਗ ਨੇ ਹੋਰ ਵੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ, ਪਰ ਕਿਸਾਨਾਂ ਵਲੋਂ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਜਾਰੀ ਹੈ |
ਬਾਰਸ਼ ਦੀ ਸੰਭਾਵਨਾ ਦਾ ਸੰਦੇਸ਼ ਕਲ ਹੀ ਸਾਰੇ ਕਿਸਾਨਾਂ ਨੂੰ ਦਿਤਾ ਗਿਆ ਸੀ | ਕਿਸਾਨ ਅੰਦੋਲਨ ਵਿਚ ਹੁਣ ਤਕ 470 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ | ਬਹੁਤ ਸਾਰੇ ਅੰਦੋਲਨਕਾਰੀਆਂ ਨੂੰ ਅਪਣੀ ਨੌਕਰੀ, ਪੜ੍ਹਾਈ ਅਤੇ ਕੰਮ ਛਡਣਾ ਪਿਆ ਹੈ | ਇਸ ਸਭ ਦੇ ਬਾਵਜੂਦ ਸਰਕਾਰ ਦਾ ਅਜਿਹਾ ਰਵਈਆ ਦਰਸਾਉਂਦਾ ਹੈ ਕਿ ਸਰਕਾਰ ਕਿੰਨੀ ਅਣਮਨੁੱਖੀ ਅਤੇ ਲਾਪਰਵਾਹੀ ਵਾਲੀ ਹੈ | ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ |
ਕਿਸਾਨ-ਮੋਰਚਾ ਮੁੜ ਦੁਹਰਾਉਂਦਾ ਹੈ ਕਿ 3 ਨਵੇਂ ਖੇਤੀ-ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕੀਤੇ ਜਾਣ ਅਤੇ ਐਮ.ਐਸ.ਪੀ 'ਤੇ ਕਾਨੂੰਨ ਬਣਾਇਆ ਜਾਵੇ | ਇਸ ਵੇਲੇ ਗੱਲ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ | ਸਰਕਾਰ ਨੂੰ ਚਾਹੀਦਾ ਹੈ ਕਿ ਉਹ ਛੇਤੀ ਤੋਂ ਛੇਤੀ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਘਰ ਭੇਜੇ |
(ਏਜੰਸੀ)