
ਡੀ.ਏ.ਪੀ. ਖਾਦ 'ਤੇ 700 ਰੁਪਏ ਵਧਾ ਕੇ 62 ਕਰੋੜ ਕਿਸਾਨਾਂ- ਮਜ਼ਦੂਰਾਂ ਨੂੰ ਗ਼ੁਲਾਮ ਬਣਾਉਣਾ ਚਾਹੁੰਦੇ ਹਨ ਮੋਦੀ : ਕਾਂਗਰਸ
ਕਿਹਾ, ਭਾਜਪਾ ਦਾ ਡੀ.ਐਨ.ਏ. ਹੀ ਕਿਸਾਨ ਵਿਰੋਧੀ ਹੈ
ਨਵੀਂ ਦਿੱਲੀ, 19 ਮਈ : ਕਾਂਗਰਸ ਨੇ ਬੁਧਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਕਰਾਰ ਨੇ ਡਾਈ ਅਮੋਨੀਆ ਫਾਸਫੇਟ (ਡੀ.ਏ.ਪੀ.) ਖਾਦ ਦੀ 50 ਕਿਲੋਗ੍ਰਾਮ ਦੀ ਬੋਰੀ 'ਤੇ 700 ਰੁਪਏ ਅਤੇ ਕੁੱਝ ਹੋਰ ਖਾਦਾਂ ਦੀ ਕੀਮਤਾਂ 'ਚ ਵਾਧਾ ਕਰ ਦਿਤਾ ਹੈ ਜਿਸ ਨਾਲ ਕਿਸਾਨਾਂ 'ਤੇ ਸਾਲਾਨਾ 20 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਪਏਗਾ ਅਤੇ ਇਹ ਦੇਸ਼ ਦੇ ਅੰਨਦਾਤਾਵਾਂ ਨੂੰ ਗ਼ੁਲਾਮ ਬਣਾਉਣ ਦੀ ਸਾਜ਼ਸ਼ ਹੈ |
ਦੂਜੇ ਪਾਸੇ ਕੇਂਦਰ ਸਰਕਾਰ ਨੇ ਬੁਧਵਾਰ ਨੂੰ ਡੀ.ਏ.ਪੀ ਖਾਦ ਲਈ ਸਬਸਿਡੀ 500 ਰੁਪਏ ਤੋਂ ਵਧਾ ਕੇ 1200 ਰੁਪਏ ਪ੍ਰਤੀ ਬੋਰੀ ਕਰਨ ਦਾ ਫ਼ੈਸਲਾ ਕੀਤਾ | ਹੁਣ ਖਾਦ ਦੀ ਬੋਰੀ 2400 ਰੁਪਏ ਦੀ ਥਾਂ ਸਿਰਫ਼ 1200 ਰੁਪਏ 'ਚ ਮਿਲੇਗੀ | ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਰਕਾਰ ਤੋਂ ਇਹ ਅਪੀਲ ਕੀਤੀ ਕਿ ਇਨ੍ਹਾਂ ਵਧੀਆਂ ਕੀਮਤਾਂ ਨੂੰ ਵਾਪਸ ਲਿਆ ਜਾਵੇ | ਉਨ੍ਹਾਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ, ''ਅਜਿਹਾ ਲਗਦਾ ਹੈ ਕਿ ਦੇਸ਼ ਦੇ 62 ਕਰੋੜ ਕਿਸਾਨਾਂ-ਮਜ਼ਦੂਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਗ਼ੁਲਾਮ ਬਣਾਉਣ ਦੀ ਸਾਜ਼ਸ਼ ਕਰ ਰਹੇ ਹਨ | ਪਿਛਲੇ ਲਗਭਗ ਸਾਢੇ 6 ਸਾਲ 'ਚ ਮੋਦੀ ਸਰਕਾਰ ਨੇ ਖੇਤੀ 'ਚ ਵਰਤੀ ਜਾਣ ਵਾਲੀ ਹਰ ਇਕ ਚੀਜ਼ ਦੀ ਕੀਮਤ ਵਧਾ ਕੇ ਕਿਸਾਨਾਂ ਨੂੰ ਪਹਿਲਾਂ ਹੀ 15 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਸਾਲਾਨਾ ਬੋਝ ਹੇਠਾਂ ਦੱਬ ਦਿਤਾ ਹੈ |''
ਸੁਰਜੇਵਾਲਾ ਨੇ ਦੋਸ਼ ਲਗਾਇਆ, ''ਮਹਾਂਮਾਰੀ ਨੂੰ ਸਹਾਰਾ ਬਣਾ ਕੇ ਡੀਏਪੀ ਸਮੇਤ ਹੋਰ ਖਾਦਾਂ ਦੀਆਂ ਕੀਮਤਾਂ ਵਧਾ ਕੇ ਇਕ ਵਾਰ ਫਿਰ ਕਿਸਾਨ ਮਜ਼ਦੂਰ ਦੀ ਕਮਰ ਤੋੜਨ ਦਾ ਘਟੀਆ ਕੰਮ ਕੀਤਾ ਗਿਆ ਹੈ | ਖਾਦ ਦੀ ਕੀਮਤਾਂ ਵਧਾ ਕੇ 20 ਹਜ਼ਾਰ ਕਰੋੜ ਸਾਲਾਨਾ ਦਾ ਵਾਧੂ ਭਾਰ ਕਿਸਾਨਾਂ 'ਤੇ ਪਾਉਣਾ ਸਾਬਿਤ ਕਰਦਾ ਹੈ ਕਿ ਭਾਜਪਾ ਦਾ ਡੀਐਨਏ ਹੀ ਕਿਸਾਨਾ ਵਿਰੋਧੀ ਹੈ | ''