
22 ਮਈ ਤਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ, ਗਰਜ ਨਾਲ ਛਿੱਟੇ ਪੈਣ ਤੇ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ
ਚੰਡੀਗੜ੍ਹ (ਨਰਿੰਦਰ ਸਿੰਘ ਝਾਮਪੁਰ) : ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੱਲ੍ਹ ਸਾਰਾ ਦਿਨ ਤੇਜ਼ ਧੁੱਪ ਕਾਰਨ ਭਿਆਨਕ ਗਰਮੀ ਪਈ। ਭਾਵੇਂ ਸਾਰਾ ਦਿਨ ਮੌਸਮ ਸਾਫ਼ ਰਿਹਾ ਪਰ ਗਰਮ ਹਵਾਵਾਂ ਕਾਰਨ ਗਰਮੀ ਵਿਚ ਬਹੁਤ ਵਾਧਾ ਹੋਇਆ। ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਮਾਨ ਅਨੁਸਾਰ ਸ਼ੁਕਰਵਾਰ ਤੋਂ ਮੌਸਮ ਬਦਲੇਗਾ ਤੇ ਹਨੇਰੀ ਤੇ ਬਾਰਿਸ਼ ਦੀ ਸੰਭਾਵਨਾ ਹੈ। 22 ਮਈ ਤਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ, ਗਰਜ ਨਾਲ ਛਿੱਟੇ ਪੈਣ ਤੇ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੁਧਵਾਰ ਨੂੰ ਸਵੇਰ ਵੇਲੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਨੇਰੀ ਚੱਲੀ, ਜੋ ਕਿ ਧੂੜ ਨਾਲ ਭਰੀ ਹੋਈ ਸੀ। ਧੂੜ ਭਰੀ ਹਨੇਰੀ ਚੱਲਣ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।