ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦਾ ਖ਼ਮਿਆਜ਼ਾ ਕਿਉਂ ਭੁਗਤ ਰਹੇ ਹਨ ਬੇਰੁਜ਼ਗਾਰ ਨੌਜਵਾਨ?
Published : May 20, 2022, 6:34 am IST
Updated : May 20, 2022, 6:34 am IST
SHARE ARTICLE
image
image

ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦਾ ਖ਼ਮਿਆਜ਼ਾ ਕਿਉਂ ਭੁਗਤ ਰਹੇ ਹਨ ਬੇਰੁਜ਼ਗਾਰ ਨੌਜਵਾਨ?

ਰੁਜ਼ਗਾਰ ਮੰਗਦੇ ਨੌਜਵਾਨਾਂ 'ਤੇ ਕਰੀਬ ਸਾਰੀਆਂ ਪਾਰਟੀਆਂ ਨੇ ਹੀ ਢਾਹਿਆ ਤਸ਼ੱਦਦ

ਕੋਟਕਪੂਰਾ, 19 ਮਈ (ਗੁਰਿੰਦਰ ਸਿੰਘ) : ਭਾਰਤ ਇਕ ਘੱਟ ਵਿਕਸਤ ਦੇਸ਼ ਹੈ ਜਿਸ ਨੂੰ  ਆਜ਼ਾਦ ਹੋਇਆਂ ਭਾਵੇਂ 75 ਸਾਲ ਹੋ ਗਏ ਹਨ ਪਰ ਅਜੇ ਵੀ ਭਾਰਤ 'ਚ ਅਨੇਕਾਂ ਗੰਭੀਰ ਸਮੱਸਿਆਵਾਂ ਹਨ | ਜਿਵੇਂ ਵੱਧ ਰਹੀ ਆਬਾਦੀ ਦੀ ਸਮੱਸਿਆ, ਗ਼ਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਮਹਿੰਗਾਈ, ਭਿ੍ਸ਼ਟਾਚਾਰ ਆਦਿ ਪਰ ਉਕਤ ਸਮੱਸਿਆਵਾਂ ਦੇ ਬਾਵਜੂਦ ਵਰਤਮਾਨ ਸਮੇਂ ਵਿਚ ਜੋ ਸੱਭ ਤੋਂ ਗੰਭੀਰ ਸਮੱਸਿਆ ਬਣੀ ਹੋਈ ਹੈ, ਉਹ ਹੈ ਬੇਰੁਜ਼ਗਾਰੀ ਦੀ ਸਮੱਸਿਆ | ਕੇਂਦਰ ਅਤੇ ਰਾਜਾਂ ਵਿਚ ਸਮੇਂ-ਸਮੇਂ ਬਣਨ ਵਾਲੀਆਂ ਸਰਕਾਰਾਂ ਦੀ ਸੱਤਾਧਾਰੀ ਧਿਰ ਘਰ-ਘਰ ਨੌਕਰੀ ਦੇਣ ਅਤੇ ਬੇਰੁਜ਼ਗਾਰੀ ਖ਼ਤਮ ਕਰਨ ਦੇ ਭਾਵੇਂ ਲੱਖ ਦਮਗਜ਼ੇ ਮਾਰਨ ਪਰ ਇਸ ਵੇਲੇ ਦੇਸ਼ ਵਿਚ ਕਰੋੜਾਂ ਬੇਰੁਜ਼ਗਾਰ ਨੌਕਰੀ ਅਰਥਾਤ ਰੁਜ਼ਗਾਰ ਦੀ ਭਾਲ ਵਿਚ ਦਰ-ਦਰ ਠੋਕਰਾਂ ਖਾ ਰਹੇ ਹਨ | ਭਾਵੇਂ ਬੇਰੁਜ਼ਗਾਰ ਮਜ਼ਦੂਰਾਂ ਦੀ ਗਿਣਤੀ ਕਰੋੜਾਂ ਵਿਚ ਹੈ ਪਰ ਪੜ੍ਹੇ-ਲਿਖੇ ਅਤੇ ਹੱਥਾਂ ਵਿਚ ਡਿਗਰੀਆਂ ਲੈ ਕੇ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਲਈ ਮਜਬੂਰ ਨੌਜਵਾਨਾਂ ਦੀ ਗਿਣਤੀ ਵੀ ਲਗਭਗ ਤਿੰਨ ਕਰੋੜ ਹੈ |
ਭਾਰਤ 'ਚ ਇਸ ਸਮੇਂ 3 ਕਰੋੜ ਤੋਂ ਵੀ ਜ਼ਿਆਦਾ ਪੜ੍ਹੇ-ਲਿਖੇ ਸਿੱਧੇ ਤੌਰ 'ਤੇ ਬੇਰੁਜ਼ਗਾਰ ਹਨ ਤੇ 15 ਕਰੋੜ ਮਜ਼ਦੂਰ ਬੇਰੁਜ਼ਗਾਰ ਹਨ | ਬੇਰੁਜ਼ਗਾਰੀ ਦਰ 37.5 ਫ਼ੀ ਸਦੀ ਹੈ | ਦੇਸ਼ 'ਚ 18 ਫ਼ੀ ਸਦੀ ਔਰਤਾਂ ਨੂੰ  ਰੁਜ਼ਗਾਰ ਪ੍ਰਾਪਤ ਹੈ ਪਰ 82 ਫ਼ੀ ਸਦੀ ਔਰਤਾਂ ਘਰੇਲੂ ਕੰਮਕਾਰ 'ਚ ਲੱਗੀਆਂ ਹੋਈਆਂ ਹਨ | ਭਾਰਤ 'ਚ ਪਿਛਲੇ 50 ਸਾਲਾਂ ਦੇ ਮੁਕਾਬਲੇ ਪਿਛਲੇ 15 ਸਾਲਾਂ ਦੌਰਾਨ ਸੱਭ ਤੋਂ ਵੱਧ ਬੇਰੁਜ਼ਗਾਰੀ ਪਾਈ ਗਈ ਹੈ | ਦੇਸ਼ 'ਚ ਬੇਰੁਜ਼ਗਾਰੀ ਦੀ ਸਮੱਸਿਆ ਦੇ ਕਈ ਕਾਰਨ ਹਨ | ਜਿਨ੍ਹਾਂ 'ਚੋਂ ਵੱਧ ਰਹੀ ਆਬਾਦੀ ਪ੍ਰਮੁੱਖ ਹੈ | ਦੁਨੀਆਂ 'ਚ ਸੱਭ ਤੋਂ ਵੱਧ ਆਬਾਦੀ ਚੀਨ ਦੀ ਹੈ ਤੇ ਭਾਰਤ ਦਾ ਦੂਜਾ ਨੰਬਰ ਹੈ |
 ਆਬਾਦੀ ਵਧਣ ਨਾਲ ਹੋਰ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਵੇਂ ਗ਼ਰੀਬੀ, ਮਹਿੰਗਾਈ, ਭਿ੍ਸ਼ਟਾਚਾਰ ਆਦਿ | ਭਾਰਤ 'ਚ ਬੇਰੁਜ਼ਗਾਰੀ ਦਾ ਹੋਰ ਕਾਰਨ ਆਰਥਕ ਵਿਕਾਸ ਦੀ ਘੱਟ ਦਰ ਹੈ | ਵਿਕਾਸ ਦਰ ਘੱਟ ਹੋਣ ਕਾਰਨ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਘੱਟ ਹੋ ਜਾਂਦਾ ਹੈ | ਮਜ਼ਦੂਰਾਂ ਨੂੰ  ਰੁਜ਼ਗਾਰ ਨਹੀਂ ਮਿਲਦਾ | ਵਸਤਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ | ਬੇਰੁਜ਼ਗਾਰੀ ਦਾ ਇਕ ਹੋਰ ਕਾਰਨ ਮਸ਼ੀਨੀਕਰਨ ਵੀ ਹੈ | ਬੇਰੁਜ਼ਗਾਰੀ ਦਾ ਇਕ ਹੋਰ ਮੁੱਖ ਕਾਰਨ ਸਨਅਤੀ ਵਿਕਾਸ ਦੀ ਕਮੀ ਹੈ |
ਪਿਛਲੇ ਕਈ ਸਾਲਾਂ ਤੋਂ ਯੂਨੀਵਰਸਟੀਆਂ, ਕਾਲਜਾਂ ਦੀ ਗਿਣਤੀ ਬਹੁਤ ਵੱਧ ਗਈ ਹੈ, ਦੇਸ਼ 'ਚ ਇਸ ਸਮੇਂ ਕਰੀਬ 436 ਯੂਨੀਵਰਸਟੀਆਂ ਹਨ, ਜਿਸ ਨਾਲ ਬੇਰੁਜ਼ਗਾਰੀ ਬਹੁਤ ਵਧ ਗਈ ਹੈ, ਦੂਜੇ ਪਾਸੇ ਸਕੂਲਾਂ ਅਤੇ ਕਾਲਜਾਂ 'ਚ ਤਕਨੀਕੀ ਸਿਖਿਆ ਦੀ ਕਮੀ ਹੈ | ਦੇਸ਼ 'ਚ ਕਈ ਜਾਤੀਆਂ ਹਨ ਅਤੇ ਕਈ ਖੇਤਰਾਂ 'ਚ ਕੱੁਝ ਖਾਸਕਰ ਉੱਚੀਆਂ ਜਾਤੀਆਂ ਨੂੰ  ਜਾਂ ਰਸੂਖਵਾਨ ਲੋਕਾਂ ਨੂੰ  ਹੀ ਕੰਮ ਦਿਤਾ ਜਾਂਦਾ ਹੈ ਤੇ ਆਮ ਲੋਕ ਵਿਤਕਰੇ ਦਾ ਸ਼ਿਕਾਰ ਹੋ ਜਾਂਦੇ ਹਨ |
ਕਿਰਤੀਆਂ ਦੀ ਗਤੀਹੀਣਤਾ ਵੀ ਬੇਰੁਜ਼ਗਾਰੀ ਦਾ ਕਾਰਨ ਹੈ | ਬੇਰੁਜ਼ਗਾਰੀ ਦਾ ਇਕ ਮੁੱਖ ਕਾਰਨ ਮਾੜੀ ਆਰਥਕ ਯੋਜਨਾ ਵੀ ਹੈ, ਜਿਸ ਕਾਰਨ ਦੇਸ਼ 'ਚ ਆਬਾਦੀ ਵਧਦੀ ਗਈ ਪਰ ਪੂੰਜੀ ਨਿਰਮਾਣ ਘੱਟ ਹੋਇਆ, ਕਿਰਤ ਦੀ ਪੂਰਤੀ 'ਤੇ ਮੰਗ 'ਚ ਕਾਫ਼ੀ ਪਾੜਾ ਪੈਦਾ ਹੋ ਗਿਆ ਹੈ, ਕਿਸੇ ਵੀ ਯੋਜਨਾ 'ਚ ਬੇਰੁਜ਼ਗਾਰੀ ਦੇ ਖ਼ਾਤਮੇ ਦੀ ਲੰਮੇ ਸਮੇਂ ਲਈ ਕੋਈ ਠੋਸ ਯੋਜਨਾ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਬਣਾਈਆਂ |
ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ  ਘੱਟੋ ਘੱਟ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਮਿਲਣਾ ਚਾਹੀਦਾ ਹੈ, ਪੇਂਡੂ ਖੇਤ ਮਜ਼ਦੂਰਾਂ ਤੇ ਸ਼ਹਿਰਾਂ 'ਚ ਬੇਰੁਜ਼ਗਾਰਾਂ ਨੂੰ  ਨਰੇਗਾ ਸਕੀਮ ਅਧੀਨ ਸਾਰਾ ਸਾਲ ਕੰਮ ਦੀ ਗਰੰਟੀ ਹੋਣੀ ਚਾਹੀਦੀ ਹੈ |
ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ  ਸਵੈ-ਰੁਜ਼ਗਾਰ ਲਈ ਬਿਨਾਂ ਵਿਆਜ ਤੋਂ ਕਰਜ਼ੇ ਦੇਣੇ ਚਾਹੀਦੇ ਹਨ ਤਾਕਿ ਉਹ ਅਪਣਾ ਕਾਰੋਬਾਰ ਕਰ ਸਕਣ | ਜਿਵੇਂ ਡੇਅਰੀ ਫ਼ਾਰਮਿੰਗ, ਮੁਰਗੀ ਪਾਲਣ ਤੇ ਹੋਰ ਉਦਯੋਗ | ਕਰਜ਼ ਦੇਣ ਦਾ ਅਮਲ ਭਿ੍ਸ਼ਟਾਚਾਰ ਤੇ ਰਿਸ਼ਵਤਖੋਰੀ ਰਹਿਤ ਹੋਣਾ ਚਾਹੀਦਾ ਹੈ | ਖੇਤੀਬਾੜੀ ਅਧਾਰਤ ਫੂਡ ਪ੍ਰਾਸੈਸਿੰਗ ਉਦਯੋਗ ਸਥਾਪਤ ਕਰਨੇ ਚਾਹੀਦੇ ਹਨ | ਪੰਜਾਬ 'ਚ ਜਿਥੇ ਨਸ਼ਿਆਂ ਦਾ ਗੰਭੀਰ ਮਾਮਲਾ ਅਤੇ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਉੱਥੇ ਹੀ ਬੇਰੁਜ਼ਗਾਰੀ ਵੀ ਇਕ ਮੁੱਦਾ ਬਣਿਆ ਹੋਇਆ ਹੈ | ਬੇਰੁਜ਼ਗਾਰੀ ਦਾ ਸੰਤਾਪ ਪੰਜਾਬ 'ਚ ਲੱਖਾਂ ਪੜ੍ਹੇ-ਲਿਖੇ ਨੌਜਵਾਨ ਲੜਕੇ-ਲੜਕੀਆਂ ਅਪਣੇ ਪਿੰਡੇ 'ਤੇ ਹੰਢਾਅ ਰਹੇ ਹਨ, ਜਿਨ੍ਹਾਂ ਨੂੰ  ਨੌਕਰੀਆਂ ਮਿਲਣ 'ਤੇ ਹੀ ਸਾਡੇ ਸਮਾਜ ਦੇ ਲੋਕ ਅਤੇ ਸੂਬਾ ਖੁਸ਼ਹਾਲ ਹੋਵੇਗਾ |
ਭਾਵੇਂ ਸਿਆਸੀ ਪਾਰਟੀਆਂ ਵਲੋਂ ਚੋਣਾਂ ਵੇਲੇ ਜਨਤਾ ਨੂੰ  ਰੁਜ਼ਗਾਰ ਅਤੇ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਅਸਲ ਸੱਚਾਈ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਬੇਰੁਜ਼ਗਾਰੀ ਦੇ ਇਸ ਅਹਿਮ ਮੁੱਦੇ ਨੂੰ  ਕਦੇ ਗੰਭੀਰਤਾ ਨਾਲ ਨਹੀਂ ਲਿਆ |
ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆ ਕੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ, ਕਾਂਗਰਸ ਸਰਕਾਰ ਨੇ ਘਰ-ਘਰ ਨੌਕਰੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਬੇਰੁਜ਼ਗਾਰਾਂ ਨੂੰ  ਰੁਜ਼ਗਾਰ ਦੇਣ ਲਈ ਵੱਡੇ-ਵੱਡੇ ਦਾਅਵੇ ਕੀਤੇ ਪਰ ਬਾਦਲ ਸਰਕਾਰ ਮੌਕੇ ਅਕਾਲੀ ਮੰਤਰੀਆਂ ਨੇ ਖ਼ੁਦ ਬੇਰੁਜ਼ਗਾਰਾਂ ਨੂੰ  ਬੁਰੀ ਤਰ੍ਹਾਂ ਕੁੱਟਿਆ, ਕਾਂਗਰਸ ਸਰਕਾਰ ਮੌਕੇ ਵੀ ਬੇਰੁਜ਼ਗਾਰਾਂ ਨੂੰ  ਸ਼ਾਮਤ ਆਈ ਰਹੀ, ਮੌਜੂਦਾ 'ਆਪ' ਸਰਕਾਰ ਨੇ ਵੀ ਪਿਛਲੇ ਦਿਨੀਂ ਸਿਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਦੇ ਘਿਰਾਉ ਮੌਕੇ ਬੇਰੁਜ਼ਗਾਰਾਂ ਦਾ ਰੱਜ ਕੇ ਕੁਟਾਪਾ ਚਾੜਿ੍ਹਆ | ਬੇਰੁਜ਼ਗਾਰਾਂ ਨਾਲ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਨੇ ਸੱਤਾ ਸੰਭਾਲਣ ਤੋਂ ਬਾਅਦ ਬੇਰੁਜ਼ਗਾਰਾਂ ਦੇ ਗਿੱਟੇ ਸੇਕਣ ਵਾਲੀ ਕੋਈ ਕਸਰ ਬਾਕੀ ਨਹੀਂ ਛੱਡੀ |

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement